ਮਈ 02 – ਉੱਪਰ ਉੱਚਾ!
“ਅਜਿਹਾ ਹੋਵੇਗਾ ਕਿ ਜੇਕਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋ, ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ, ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਨਾਲੋਂ ਉੱਚਾ ਕਰੇਗਾ”(ਬਿਵਸਥਾ ਸਾਰ 28:1)।
ਬਿਵਸਥਾ ਸਾਰ ਦਾ 28ਵਾਂ ਅਧਿਆਇ ਵਾਅਦਿਆਂ ਅਤੇ ਸਰਾਪਾਂ ਦੋਨਾਂ ਨਾਲ ਭਰਿਆ ਹੋਇਆ ਹੈ। ਪਹਿਲੀਆਂ ਚੌਦਾਂ ਆਇਤਾਂ ਵਿੱਚ ਮਹਾਨ ਵਾਅਦੇ ਹਨ। ਇਹ ਉਹਨਾਂ ਸਾਰੀਆਂ ਮਹਾਨ ਬਰਕਤਾਂ ਨੂੰ ਸੂਚੀਬੱਧ ਕਰਦਾ ਹੈ ਜਿਹੜੀਆਂ ਇੱਕ ਵਿਅਕਤੀ ਨੂੰ ਦਿੱਤੀਆਂ ਜਾਂਦੀਆਂ ਹਨ, ਜਦੋਂ ਉਹ ਪ੍ਰਭੂ ਦੀ ਅਵਾਜ਼ ਦੀ ਪਾਲਣਾ ਕਰਦਾ ਹੈ।
ਅਸੀਂ ਨਵੇਂ ਘਰਾਂ ਅਤੇ ਵਿਆਹਾਂ ਨੂੰ ਸਮਰਪਿਤ ਕਰਦੇ ਹੋਏ ਪਾਸਟਰਾਂ ਨੂੰ ਇਨ੍ਹਾਂ ਵਾਅਦਿਆਂ ਦੇ ਨਾਲ ਵਿਸ਼ਵਾਸੀਆਂ ਨੂੰ ਬਰਕਤ ਦਿੰਦੇ ਦੇਖਿਆ ਹੋਵੇਗਾ। ਤੁਸੀਂ ਇਹ ਵੀ ਦੇਖੋਂਗੇ ਕਿ ਇਹ ਸਾਰੀਆਂ ਬਰਕਤਾਂ ਇੱਕ ਸ਼ਰਤ ਦੇ ਅਧੀਨ ਹਨ, ਕਿ ਤੁਹਾਨੂੰ ਪ੍ਰਭੂ ਦੇ ਸਾਰੇ ਹੁਕਮਾਂ ਦੀ ਧਿਆਨ ਨਾਲ ਪਾਲਣਾ ਕਰਨੀ ਚਾਹੀਦੀ ਹੈ। ਅਤੇ ਇਹ ਕਿ ਤੁਸੀਂ ਯਤਨ ਨਾਲ ਪ੍ਰਭੂ ਦੀ ਅਵਾਜ਼ ਦੀ ਪਾਲਣਾ ਕਰਨਾ।
ਪ੍ਰਭੂ ਦੇ ਇਹ ਹੁਕਮ ਅਤੇ ਨਿਯਮ ਸਾਰੇ ਹਲਕੇ ਹਨ ਅਤੇ ਬੋਝ ਨਹੀਂ ਹਨ। ਉਸ ਦਿਆਂ ਹੁਕਮਾਂ ਨੂੰ ਪੂਰਾ ਕਰਨਾ ਖੁਸ਼ੀ ਦੀ ਗੱਲ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਪ੍ਰਭੂ ਨਾਲ ਪਿਆਰ ਕਰਦੇ ਹੋ, ਤਾਂ ਤੁਸੀਂ ਇਹਨਾਂ ਹੁਕਮਾਂ ਦੇ ਅਨੁਸਾਰ ਆਸਾਨੀ ਨਾਲ ਜੀ ਸਕਦੇ ਹੋ। ਅਤੇ ਜਦੋਂ ਪ੍ਰਭੂ ਇਸਨੂੰ ਦੇਖੇਗਾ, ਤਦ ਉਹ ਤੁਹਾਡੇ ਤੋਂ ਖੁਸ਼ ਹੋਵੇਗਾ, ਅਤੇ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਨਾਲੋਂ ਉੱਚਾ ਕਰੇਗਾ।
ਜਦੋਂ ਯੂਸੁਫ਼ ਨੇ ਯਹੋਵਾਹ ਨਾਲ ਪਿਆਰ ਕੀਤਾ, ਅਤੇ ਆਪਣੇ ਆਪ ਨੂੰ ਪਾਪ ਤੋਂ ਬਚਾਇਆ, ਤਦ ਯਹੋਵਾਹ ਨੇ ਉਸ ਨੂੰ ਸਾਰੇ ਮਿਸਰ ਦੇਸ਼ ਦੇ ਉੱਪਰ ਉੱਚਾ ਕਰ ਦਿੱਤਾ। ਇੱਥੋਂ ਤੱਕ ਕਿ ਉਸਦੇ ਆਪਣੇ ਭਰਾ ਅਤੇ ਪਿਤਾ ਵੀ ਉਸਦੀ ਭਾਲ ਵਿੱਚ ਆਏ ਅਤੇ ਉਸਦੇ ਸਾਹਮਣੇ ਝੁਕੇ। ਉਹ ਮਿਸਰ ਤੇ ਰਾਜ ਕਰਨ ਦੇ ਇੱਕ ਬਹੁਤ ਹੀ ਉੱਚੇ ਅਹੁਦੇ ਤੇ ਸੀ, ਅਤੇ ਆਪਣੇ ਪਿਤਾ, ਆਪਣੇ ਸਾਰੇ ਭਰਾਵਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਦੇਖਭਾਲ ਕਰ ਸਕਦਾ ਸੀ।
ਦਾਨੀਏਲ ਦੇ ਮਾਮਲੇ ਨੂੰ ਦੇਖੋ। ਉਸ ਨੂੰ ਸਿਰਫ਼ ਇੱਕ ਕੈਦੀ ਦੇ ਰੂਪ ਵਿੱਚ ਬਾਬਲ ਲਿਆਂਦਾ ਗਿਆ ਸੀ। ਫਿਰ ਵੀ, ਦਾਨੀਏਲ ਦਾ ਦਿਲ ਪ੍ਰਭੂ ਦੇ ਪਿਆਰ ਨਾਲ ਭਰਿਆ ਹੋਇਆ ਸੀ ਅਤੇ, ਉਸ ਦੇਸ਼ ਵਿੱਚ ਮੁਸ਼ਕਿਲ ਹਾਲਾਤਾਂ ਜਾਂ ਮਨਾਹੀ ਵਾਲੇ ਕਾਨੂੰਨਾਂ ਦੇ ਬਾਵਜੂਦ, ਉਸ ਨੇ ਆਪਣੀਆਂ ਪ੍ਰਾਰਥਨਾਵਾਂ ਨੂੰ ਕਦੇ ਨਹੀਂ ਛੱਡਿਆ। ਪ੍ਰਭੂ ਦੇ ਪ੍ਰਤੀ ਆਪਣੇ ਦ੍ਰਿੜ੍ਹ ਪਿਆਰ ਦੇ ਨਤੀਜੇ ਵਜੋਂ, ਉਹ ਉਸ ਕੌਮ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸੇਵਾ ਕਰਦਾ ਰਿਹਾ, ਤਦ ਵੀ ਜਦੋਂ ਦੇਸ਼ ਵੱਖ-ਵੱਖ ਰਾਜਿਆਂ ਦੇ ਰਾਜ ਵਿੱਚ ਸੀ। ਉਹ ਬਾਬਲ ਦੇ ਸਾਰੇ ਬੁੱਧੀਮਾਨਾਂ ਦੀ ਤੁਲਨਾ ਵਿੱਚ ਬਹੁਤ ਹੀ ਆਦਰਯੋਗ ਸਥਾਨ ਰੱਖਦਾ ਸੀ। ਉਸ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਪਵਿੱਤਰ ਸ਼ਾਸਤਰ ਵਿੱਚ ਵੀ ਦਰਜ਼ ਹਨ।
ਪ੍ਰਮੇਸ਼ਵਰ ਦੇ ਬੱਚਿਓ, ਜੇਕਰ ਤੁਸੀਂ ਆਪਣੇ ਸਾਰੇ ਦਿਲ ਨਾਲ ਪ੍ਰਭੂ ਨੂੰ ਪਿਆਰ ਕਰਦੇ ਹੋ, ਇੱਕ ਨਮਰ ਆਤਮਾ ਅਤੇ ਨਿਮਰਤਾ ਪ੍ਰਗਟ ਕਰਦੇ ਹੋ, ਤਾਂ ਪ੍ਰਭੂ ਤੁਹਾਡੇ ਸਾਰੇ ਮੌਜੂਦਾ ਹਾਲਾਤਾਂ ਨੂੰ ਬਦਲ ਦੇਵੇਗਾ। ਉਹ ਤੁਹਾਨੂੰ ਉੱਚਾ ਕਰੇਗਾ ਅਤੇ ਤੁਹਾਨੂੰ ਇੱਕ ਹਜ਼ਾਰ ਗੁਣਾ ਜ਼ਿਆਦਾ ਬਰਕਤ ਦੇਵੇਗਾ। ਉਹ ਜ਼ਰੂਰ ਹੀ ਤੁਹਾਨੂੰ ਉੱਚੇ ਸਥਾਨ ਉੱਤੇ ਸਥਾਪਿਤ ਕਰੇਗਾ।
ਅਭਿਆਸ ਕਰਨ ਲਈ – “ਯਹੋਵਾਹ ਤੁਹਾਨੂੰ ਪੂਛ ਨਹੀਂ, ਸਗੋਂ ਸਿਰ ਠਹਿਰਾਵੇਗਾ ਅਤੇ ਤੁਸੀਂ ਹੇਠਾਂ ਨਹੀਂ ਸਗੋਂ ਉੱਤੇ ਹੀ ਰਹੋਗੇ, ਜੇਕਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨੋ, ਜਿਨ੍ਹਾਂ ਦੀ ਪਾਲਨਾ ਕਰਨ ਦਾ ਹੁਕਮ ਮੈਂ ਅੱਜ ਤੁਹਾਨੂੰ ਦਿੰਦਾ ਹਾਂ”(ਬਿਵਸਥਾ ਸਾਰ 28:13)।