ਜੁਲਾਈ 12 – ਇੱਕ ਜਿਹੜਾ ਆਤਮਿਕ ਹੈ!
“ਪਰ ਜਿਹੜਾ ਆਤਮਿਕ ਹੈ ਉਹ ਤਾਂ ਸਭਨਾਂ ਗੱਲਾਂ ਦੀ ਜਾਂਚ ਕਰਦਾ ਹੈ ਪਰ ਆਪ ਕਿਸੇ ਤੋਂ ਜਾਂਚਿਆ ਨਹੀਂ ਜਾਂਦਾ”(1 ਕੁਰਿੰਥੀਆਂ 2:15)।
ਪਵਿੱਤਰ ਸ਼ਾਸਤਰ ਪਰਮੇਸ਼ੁਰ ਦੇ ਬੱਚਿਆਂ ਨੂੰ ਦੋ ਵਿਆਪਕ ਸ਼੍ਰੇਣੀਆਂ ਵਿੱਚ ਵੰਡਦਾ ਹੈ: ਉਹ ਜਿਹੜੇ ਆਤਮਿਕ ਹਨ ਅਤੇ ਉਹ ਜਿਹੜੇ ਸਰੀਰਕ ਹਨ। ਜਿਹੜੇ ਆਤਮਾ ਦੇ ਹਨ, ਉਹ ਆਤਮਾ ਦੇ ਦੁਆਰਾ ਚੱਲਦੇ ਹਨ ਅਤੇ ਆਤਮਿਕ ਰਾਹ ਉੱਤੇ ਅੱਗੇ ਵੱਧਦੇ ਹਨ। ਜਦੋਂ ਕਿ ਜਿਹੜੇ ਲੋਕ ਸਰੀਰਕ ਹੁੰਦੇ ਹਨ, ਉਹ ਆਪਣੀਆਂ ਲਾਲਸਾਵਾਂ ਅਤੇ ਇੱਛਾਵਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਅਸਫ਼ਲ ਹੋ ਜਾਂਦੇ ਹਨ।
ਪਵਿੱਤਰ ਸ਼ਾਸਤਰ ਕਹਿੰਦਾ ਹੈ ਕਿ ਜਿਹੜਾ ਆਤਮਿਕ ਹੈ ਉਹ ਸਾਰੀਆਂ ਗੱਲਾਂ ਦਾ ਨਿਆਂ ਕਰਦਾ ਹੈ, ਜਾਂ ਸਾਰੀਆਂ ਗੱਲਾਂ ਨੂੰ ਵੱਖੋ-ਵੱਖਰੇ ਨਜ਼ਰੀਏ ਤੋਂ ਦੇਖਦਾ ਹੈ। ਉਹ ਕਦੇ ਵੀ ਜਲਦੀ ਸਿੱਟੇ ਉੱਤੇ ਪਹੁੰਚਣ ਦੀ ਕਾਹਲੀ ਵਿੱਚ ਨਹੀਂ ਹੋਵੇਗਾ। ਉਹ ਸਭ ਕੁੱਝ ਪ੍ਰਾਰਥਨਾ ਵਿੱਚ, ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਰੱਖੇਗਾ ਅਤੇ ਪ੍ਰਮੇਸ਼ਵਰ ਦੀ ਸਲਾਹ ਲਵੇਗਾ ਕਿ ਕੀ ਇਹ ਪ੍ਰਭੂ ਨੂੰ ਖੁਸ਼ ਕਰੇਗਾ, ਕੀ ਇਹ ਉਸਦੇ ਲਈ ਪ੍ਰਭੂ ਦੀ ਇੱਛਾ ਦੇ ਅਨੁਸਾਰ ਹੈ, ਅਤੇ ਕੀ ਪ੍ਰਭੂ ਸਵੀਕਾਰ ਕਰੇਗਾ ਅਤੇ ਫੈਸਲੇ ਤੋਂ ਖੁਸ਼ ਹੋਵੇਗਾ। ਇਸ ਤੋਂ ਬਾਅਦ ਹੀ ਉਹ ਕਿਸੇ ਵੀ ਮਾਮਲੇ ਉੱਤੇ ਫ਼ੈਸਲਾ ਲਵੇਗਾ।
ਜਦੋਂ ਤੁਸੀਂ ਪਤਰਸ ਦੇ ਜੀਵਨ ਨੂੰ ਦੇਖਦੇ ਹੋ, ਤਾਂ ਉਸਨੇ ਸੰਸਾਰਿਕ ਇੱਛਾਵਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕੀਤਾ। ਜਦੋਂ ਕਿ ਆਪਣੇ ਬੁਢਾਪੇ ਵਿੱਚ, ਉਸਨੇ ਪੂਰੀ ਤਰ੍ਹਾਂ ਨਾਲ ਆਤਮਾ ਦੀ ਅਗਵਾਈ ਵਿੱਚ ਹੋਣ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਸੀ। ਪ੍ਰਭੂ ਨੇ ਉਸ ਨੂੰ ਆਖਿਆ, “ਮੈਂ ਤੈਨੂੰ ਸੱਚ-ਸੱਚ ਆਖਦਾ ਜਦੋਂ ਤੂੰ ਜਵਾਨ ਸੀ ਤੂੰ ਲੱਕ ਦੁਆਲੇ ਪੇਟੀ ਬੰਨ੍ਹ ਕੇ ਜਿੱਥੇ ਤੇਰਾ ਜੀਅ ਕਰਦਾ ਤੂੰ ਤੁਰ ਜਾਂਦਾ ਸੀ, ਪਰ ਜਦ ਤੂੰ ਬੁੱਢਾ ਹੋਵੇਂਗਾ ਤੂੰ ਆਪਣੇ ਹੱਥ ਲੰਬੇ ਕਰੇਗਾ ਅਤੇ ਕੋਈ ਹੋਰ ਵਿਅਕਤੀ ਤੇਰੇ ਲੱਕ ਬੰਨ੍ਹੇਗਾ ਅਤੇ ਜਿੱਥੇ ਤੇਰਾ ਜੀਅ ਨਹੀਂ ਕਰੇਗਾ ਜਾਣ ਨੂੰ ਉਹ ਤੈਨੂੰ ਉੱਥੇ ਲੈ ਜਾਵੇਗਾ”(ਯੂਹੰਨਾ ਦੀ ਇੰਜੀਲ 21:18)।
ਕੀ ਤੁਸੀਂ ਪੂਰੀ ਤਰ੍ਹਾਂ ਨਾਲ ਆਤਮਾ ਦੀ ਅਗਵਾਈ ਵਿੱਚ ਹੋਣ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰੋਂਗੇ? ਨਿਆਂ ਕਰਨਾ ਸਿੱਖੋ ਅਤੇ ਹਰ ਚੀਜ਼ ਉੱਤੇ ਵਿਚਾਰ ਕਰੋ। ਜਦੋਂ ਵੀ ਤੁਸੀਂ ਕੋਈ ਫ਼ੈਸਲਾ ਲਵੋ, ਤਾਂ ਜਾਂਚ ਲਵੋ ਕਿ ਇਹ ਪਰਮੇਸ਼ੁਰ ਦੇ ਵਚਨ ਦੇ ਅਨੁਸਾਰ ਹੈ। ਪ੍ਰਭੂ ਦੀ ਹਜ਼ੂਰੀ ਵਿੱਚ ਬੈਠੋ ਅਤੇ ਪੁੱਛੋ ਕਿ ਕੀ ਅਜਿਹਾ ਫੈਸਲਾ ਪ੍ਰਭੂ ਨੂੰ ਖੁਸ਼ ਕਰੇਗਾ ਅਤੇ ਤੁਹਾਡੇ ਹਿਰਦੇ ਵਿੱਚ ਪੁਸ਼ਟੀ ਪ੍ਰਾਪਤ ਕਰੇਗਾ।
ਰਾਜਾ ਦਾਊਦ ਦੇ ਤਜ਼ਰਬੇ ਨੂੰ ਦੇਖੋ। ਉਸ ਨੇ ਪੂਰੀ ਤਰ੍ਹਾਂ ਨਾਲ ਤਿਆਰ ਕੀਤਾ ਅਤੇ ਆਪਣੇ ਆਪ ਨੂੰ ਪ੍ਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਂਚਿਆ। ਉਸ ਨੇ ਇਹ ਕਹਿ ਕੇ ਪ੍ਰਾਰਥਨਾ ਕੀਤੀ: “ਹੇ ਪਰਮੇਸ਼ੁਰ, ਮੈਨੂੰ ਪਰਖ ਅਤੇ ਮੇਰੇ ਦਿਲ ਨੂੰ ਜਾਣ, ਮੈਨੂੰ ਜਾਚ ਅਤੇ ਮੇਰੇ ਖਿਆਲਾਂ ਨੂੰ ਜਾਣ, 24 ਅਤੇ ਵੇਖ ਕਿਤੇ ਮੇਰੇ ਵਿੱਚ ਕੋਈ ਭੈੜੀ ਚਾਲ ਤਾਂ ਨਹੀਂ? ਅਤੇ ਸਦੀਪਕ ਰਾਹ ਵਿੱਚ ਮੇਰੀ ਅਗਵਾਈ ਕਰ!”(ਜ਼ਬੂਰਾਂ ਦੀ ਪੋਥੀ 139:23,24)।
ਪ੍ਰਮੇਸ਼ਵਰ ਦੇ ਬੱਚਿਓ, ਆਪਣੇ ਵਿਚਾਰਾਂ, ਸ਼ਬਦਾਂ ਅਤੇ ਕੰਮਾਂ ਵਿੱਚ ਵਿਚਾਰ ਕਰੋ ਅਤੇ ਚੌਕਸ ਰਹੋ। ਜਦੋਂ ਤੁਸੀਂ ਪ੍ਰਚਾਰ ਕਰਦੇ ਹੋ ਅਤੇ ਪਰਮੇਸ਼ੁਰ ਦੇ ਵਚਨ ਦਾ ਧਿਆਨ ਕਰਦੇ ਹੋ ਤਾਂ ਸਮਝਦਾਰ ਬਣੋ। ਜਦੋਂ ਸੰਸਾਰ ਤੁਹਾਨੂੰ ਦੇਖਦਾ ਹੈ, ਤਾਂ ਉਹ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦੇ ਵਜੋਂ ਨਾ ਦੇਖਣ, ਜਿਹੜਾ ਸਰੀਰਕ ਜਾਂ ਸੰਸਾਰਿਕ ਅਗਵਾਈ ਵਿੱਚ ਹੈ, ਪਰ ਇੱਕ ਅਜਿਹੇ ਵਿਅਕਤੀ ਦੇ ਵਜੋਂ ਦੇਖਣ ਜਿਹੜਾ ਆਤਮਿਕ ਹੈ। ਵਿਅਰਥ ਦੇ ਮਾਮਲਿਆਂ ਵਿੱਚ ਨਾ ਉਲਝੋ ਅਤੇ ਨਾ ਫਜ਼ੂਲ ਗੱਲਾਂ ਕਰੋ। ਹਮੇਸ਼ਾ ਚੌਕਸ ਰਹੋ ਅਤੇ ਆਪਣੇ ਸਾਰੇ ਯਤਨਾਂ ਵਿੱਚ ਜੇਤੂ ਹੋਵੋਂ।
ਅਭਿਆਸ ਕਰਨ ਲਈ – “ਤਦ ਉਨ੍ਹਾਂ ਨੇ ਉਸ ਤੋਂ ਪੁੱਛਿਆ, ਗੁਰੂ ਜੀ ਅਸੀਂ ਜਾਣਦੇ ਹਾਂ ਜੋ ਤੁਸੀਂ ਠੀਕ ਬੋਲਦੇ ਅਤੇ ਸਿਖਾਉਂਦੇ ਹੋ ਅਤੇ ਕਿਸੇ ਦਾ ਪੱਖਪਾਤ ਨਹੀਂ ਕਰਦੇ, ਸਗੋਂ ਸਚਿਆਈ ਨਾਲ ਪਰਮੇਸ਼ੁਰ ਦਾ ਰਾਹ ਦੱਸਦੇ ਹੋ”(ਲੂਕਾ ਦੀ ਇੰਜੀਲ 20:21)।