ਜੁਲਾਈ 18 – ਮੁਕਟ!
“ਤਾਂ ਇਨਸਾਨ ਕੀ ਹੈ, ਜੋ ਤੂੰ ਉਸ ਨੂੰ ਚੇਤੇ ਵਿੱਚ ਲਿਆਵੇ, ਅਤੇ ਆਦਮੀ ਜਾਇਆ ਕੀ, ਜੋ ਤੂੰ ਉਸ ਦੀ ਸੁੱਧ ਲਵੇਂ? ਕਿ ਤੂੰ ਉਸ ਨੂੰ ਦੂਤਾਂ ਨਾਲੋਂ ਥੋੜਾ ਜਿਹਾ ਘੱਟ ਕੀਤਾ ਹੈ, ਅਤੇ ਮਹਿਮਾ ਅਤੇ ਆਦਰ ਦਾ ਮੁਕਟ ਉਸ ਦੇ ਸਿਰ ਉੱਤੇ ਰੱਖਿਆ ਹੈ!”(ਜ਼ਬੂਰਾਂ ਦੀ ਪੋਥੀ 8:4,5)।
ਸਾਡਾ ਪਿਆਰਾ ਪ੍ਰਭੂ ਉਹ ਹੈ ਜਿਸ ਨੇ ਸਾਰੇ ਬ੍ਰਹਿਮੰਡ ਦਾ ਨਿਰਮਾਣ ਕੀਤਾ, ਅਤੇ ਸਭ ਉੱਤੇ ਪੂਰਾ ਅਧਿਕਾਰ ਅਤੇ ਰਾਜ ਹੈ। ਜਦੋਂ ਉਸਨੇ ਹੁਕਮ ਦਿੱਤਾ ਅਤੇ ਕਿਹਾ, “ਚਾਨਣ ਹੋਵੇ”, ਤਾਂ ਉੱਥੇ ਚਾਨਣ ਸੀ। ਇਸੇ ਤਰ੍ਹਾਂ ਸੂਰਜ, ਚੰਦ ਅਤੇ ਸਾਰੇ ਤਾਰਿਆਂ ਦੀ ਰਚਨਾ ਹੋਈ।
ਪਰਮੇਸ਼ੁਰ ਮਨੁੱਖਜਾਤੀ ਨੂੰ ਆਪਣੀ ਸ਼ਕਤੀ ਅਤੇ ਅਧਿਕਾਰ ਦੇਣਾ ਚਾਹੁੰਦਾ ਸੀ। ਇਸੇ ਲਈ ਉਸ ਨੇ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਇਆ। “ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਕਿ ਫਲੋ ਅਤੇ ਵਧੋ, ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ, ਅਕਾਸ਼ ਦੇ ਪੰਛੀਆਂ ਅਤੇ ਧਰਤੀ ਉੱਤੇ ਘਿਸਰਨ ਵਾਲੇ ਸਾਰੇ ਜੀਵ-ਜੰਤੂਆਂ ਉੱਤੇ ਰਾਜ ਕਰੋ”(ਉਤਪਤ 1:28)।
ਜ਼ਬੂਰਾਂ ਦਾ ਲਿਖਾਰੀ ਕਹਿੰਦਾ ਹੈ: “ਤੂੰ ਆਪਣੀ ਦਸਤਕਾਰੀ ਉੱਤੇ ਉਹ ਨੂੰ ਹਕੂਮਤ ਦਿੱਤੀ, ਤੂੰ ਸਭ ਕੁਝ ਉਹ ਦੇ ਪੈਰਾਂ ਹੇਠ ਕਰ ਦਿੱਤਾ ਹੈ”(ਜ਼ਬੂਰਾਂ ਦੀ ਪੋਥੀ 8:6)। “ਤੇਰੀ ਮਦਦ ਦੇ ਕਾਰਨ ਉਹ ਦਾ ਪਰਤਾਪ ਵੱਡਾ ਹੈ, ਤੇਜ ਅਤੇ ਉਪਮਾ ਤੂੰ ਉਹ ਦੇ ਉੱਤੇ ਰੱਖਦਾ ਹੈਂ”(ਜ਼ਬੂਰਾਂ ਦੀ ਪੋਥੀ 21:5)। “ਮਹਿਮਾ ਅਤੇ ਆਦਰ ਦਾ ਮੁਕਟ ਉਸ ਦੇ ਸਿਰ ਉੱਤੇ ਰੱਖਿਆ ਹੈ”(ਜ਼ਬੂਰਾਂ ਦੀ ਪੋਥੀ 8:5)। “ਉਹ ਤੇਰੇ ਸਿਰ ਉੱਤੇ ਦਯਾ ਤੇ ਰਹਮ ਦਾ ਮੁਕਟ ਰੱਖਦਾ ਹੈ। ਉਹ ਭਲਿਆਈ ਨਾਲ ਤੇਰੇ ਮੂੰਹ ਨੂੰ ਰਜਾਉਂਦਾ ਹੈ”(ਜ਼ਬੂਰਾਂ ਦੀ ਪੋਥੀ 103:4,5)।
ਆਦਮ ਅਤੇ ਹੱਵਾਹ ਨੂੰ ਉਸ ਸ਼ਕਤੀ ਅਤੇ ਰਾਜ ਦੀ ਉੱਤਮਤਾ ਦਾ ਅਹਿਸਾਸ ਨਹੀਂ ਸੀ ਜੋ ਪ੍ਰਭੂ ਨੇ ਉਨ੍ਹਾਂ ਨੂੰ ਦਿੱਤੀ ਸੀ। ਉਨ੍ਹਾਂ ਨੇ ਇਸ ਦੀ ਮਹਿਮਾ ਅਤੇ ਆਦਰ ਨੂੰ ਨਹੀਂ ਸਮਝਿਆ। ਉਹ ਸ਼ੈਤਾਨ ਦੀ ਚਲਾਕੀ ਨਾਲ ਧੋਖਾ ਖਾ ਗਏ, ਪਾਪ ਵਿੱਚ ਪੈ ਗਏ, ਅਤੇ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ।
ਉਸ ਤੋਂ ਬਾਅਦ ਵੀ, ਪਰਮੇਸ਼ੁਰ ਨੇ ਮਨੁੱਖਜਾਤੀ ਦੇ ਲਈ ਆਪਣਾ ਪਿਆਰ ਦਿਖਾਉਣਾ ਜਾਰੀ ਰੱਖਿਆ। ਉਹ ਉਸ ਸਾਰੀ ਮਹਿਮਾ ਅਤੇ ਆਦਰ ਨੂੰ ਬਹਾਲ ਕਰਨ ਦਾ ਇਰਾਦਾ ਰੱਖਦਾ ਸੀ ਜਿਸਨੂੰ ਆਦਮ ਨੇ ਅਦਨ ਦੇ ਬਾਗ਼ ਵਿੱਚ ਗੁਆ ਦਿੱਤਾ ਸੀ। ਇਸ ਲਈ ਉਸਨੇ ਆਪਣੇ ਆਪ ਨੂੰ ਕਲਵਰੀ ਵਿਖੇ ਸਲੀਬ ਉੱਤੇ ਚੜ੍ਹਾ ਦਿੱਤਾ। ਸਲੀਬ ਉੱਤੇ ਆਪਣੀ ਮੌਤ ਦੇ ਦੁਆਰਾ, ਉਸਨੇ ਸ਼ੈਤਾਨ – ਮੌਤ ਦੇ ਹਾਕਮ ਉੱਤੇ ਜਿੱਤ ਪ੍ਰਾਪਤ ਕੀਤੀ। ਉਸਦੇ ਕੋਲ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਹਨ। ਅੱਜ, ਉਹ ਤੁਹਾਨੂੰ ਫਿਰ ਤੋਂ ਸ਼ਕਤੀ ਅਤੇ ਰਾਜ, ਅਤੇ ਸਵਰਗ ਦੇ ਰਾਜ ਦੀਆਂ ਕੁੰਜੀਆਂ ਦੇਣ ਦੇ ਲਈ ਉਤਸੁਕ ਹੈ।
ਉਸਨੇ ਇਹ ਕਹਿੰਦੇ ਹੋਏ ਤੁਹਾਡੇ ਨਾਲ ਵਾਅਦਾ ਕੀਤਾ ਹੈ: “ਮੈਂ ਸਵਰਗ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨ੍ਹੇਗਾ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਗਾ ਸਵਰਗ ਵਿੱਚ ਖੋਲ੍ਹਿਆ ਜਾਵੇਗਾ”(ਮੱਤੀ ਦੀ ਇੰਜੀਲ 16:19)।
ਪ੍ਰਮੇਸ਼ਵਰ ਦੇ ਬੱਚਿਓ, ਉਹਨਾਂ ਸ਼ਕਤੀਆਂ ਅਤੇ ਹਕੂਮਤ ਤੋਂ ਸੁਚੇਤ ਰਹੋ ਜੋ ਪ੍ਰਭੂ ਨੇ ਤੁਹਾਨੂੰ ਪ੍ਰਦਾਨ ਕੀਤੀਆਂ ਹਨ। ਆਪਣੇ ਦਿਲ ਵਿੱਚ ਜਾਣੋ ਕਿ ਉਸਨੇ ਤੁਹਾਨੂੰ ਮਹਿਮਾ ਅਤੇ ਆਦਰ ਦਾ ਮੁਕਟ ਪਹਿਨਾਇਆ ਹੈ। ਪ੍ਰਭੂ ਦੇ ਮਸਹ ਨੂੰ ਕਦੇ ਨਾ ਗੁਆਓ। ਇੱਕ ਪਵਿੱਤਰ ਜੀਵਨ ਬਤੀਤ ਕਰੋ ਅਤੇ ਆਪਣੀ ਪਵਿੱਤਰਤਾ ਦੀ ਰੱਖਿਆ ਕਰੋ। ਅਤੇ ਪ੍ਰਭੂ ਤੁਹਾਨੂੰ ਦਯਾ ਅਤੇ ਰਹਮ ਦਾ ਮੁਕਟ ਦੇਵੇਗਾ।
ਅਭਿਆਸ ਕਰਨ ਲਈ – “ਅਤੇ ਯਿਸੂ ਨੇ ਕੋਲ ਆ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਆਖਿਆ, ਸਵਰਗ ਅਤੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ”(ਮੱਤੀ ਦੀ ਇੰਜੀਲ 28:18)।