Appam - Punjabi

ਜਨਵਰੀ 16 – ਨਵਾਂ ਅਕਾਸ਼, ਨਵੀਂ ਧਰਤੀ!

“ਜਿਵੇਂ ਨਵਾਂ ਅਕਾਸ਼ ਅਤੇ ਨਵੀਂ ਧਰਤੀ, ਜੋ ਮੈਂ ਬਣਾਵਾਂਗਾ ਮੇਰੇ ਸਨਮੁਖ ਕਾਇਮ ਰਹਿਣਗੇ, ਉਸੇ ਤਰ੍ਹਾਂ ਹੀ ਤੁਹਾਡੀ ਅੰਸ ਅਤੇ ਤੁਹਾਡਾ ਨਾਮ ਕਾਇਮ ਰਹੇਗਾ, ਯਹੋਵਾਹ ਦਾ ਵਾਕ ਹੈ”(ਯਸਾਯਾਹ 66:22)।

ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਨ੍ਹਾਂ ਆਦਮੀਆਂ ਅਤੇ ਔਰਤਾਂ ਦੀ ਉਡੀਕ ਕਰ ਰਿਹਾ ਹੈ ਜਿਹੜੇ ਮਸੀਹ ਵਿੱਚ ਨਵੀਂ ਰਚਨਾ ਬਣ ਗਏ ਹਨ। ਪਰਮੇਸ਼ੁਰ ਨੇ ਉਨ੍ਹਾਂ ਸਾਰਿਆਂ ਦੇ ਲਈ ਨਵਾਂ ਅਕਾਸ਼ ਅਤੇ ਇੱਕ ਨਵੀਂ ਧਰਤੀ ਬਣਾਈ ਹੈ ਜਿਹੜੇ ਉਸਦੇ ਨਾਮ ਉੱਤੇ ਵਿਸ਼ਵਾਸ ਕਰਦੇ ਹਨ ਅਤੇ ਉਸਨੂੰ ਆਪਣੇ ਦਿਲਾਂ ਵਿੱਚ ਸਵੀਕਾਰ ਕਰਦੇ ਹਨ।

ਸਾਡੇ ਪ੍ਰਭੂ ਯਿਸੂ ਦੇ ਸਵਰਗ ਨੂੰ ਉਠਾਏ ਜਾਣ ਤੋਂ ਪਹਿਲਾਂ, ਉਸਨੇ ਆਪਣੇ ਚੇਲਿਆਂ ਵੱਲ ਦੇਖਿਆ ਅਤੇ ਉਨ੍ਹਾਂ ਨੂੰ ਕਿਹਾ: “ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਮਕਾਨ ਹਨ – ਫਿਰ ਵੀ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਲਈ ਜਾ ਰਿਹਾ ਹਾਂ”। ਅੱਜ ਤੱਕ ਉਹ ਸਾਡੇ ਲਈ ਉਹਨਾਂ ਜਗ੍ਹਾਵਾਂ ਨੂੰ ਤਿਆਰ ਕਰ ਰਿਹਾ ਹੈ।

ਜਦੋਂ ਉਹ ਧਰਤੀ ਜਿਸਨੂੰ ਉਸਨੇ ਸਿਰਫ਼ ਛੇ ਦਿਨਾਂ ਵਿੱਚ ਬਣਾਇਆ ਸੀ, ਆਪਣੇ ਸਾਗਰਾਂ, ਪਹਾੜਾਂ, ਵਾਦੀਆਂ ਅਤੇ ਕਈ ਕਿਸਮਾਂ ਦੇ ਫਲਾਂ ਦੇ ਨਾਲ ਇੰਨੀ ਸੁੰਦਰ ਹੋ ਸਕਦੀ ਹੈ, ਤਾਂ ਕਲਪਨਾ ਕਰਨ ਦੀ ਕੋਸ਼ਿਸ਼ ਕਰੋ ਕਿ ਉਹ ਕਿੰਨਾਂ ਅਦਭੁੱਤ, ਪਿਆਰਾ ਅਤੇ ਸਦੀਪਕ ਅਨੰਦ ਹੈ ਜਿਹੜਾ ਉਹ ਦੋ ਹਜ਼ਾਰ ਸਾਲ ਤੋਂ ਸਾਡੇ ਲਈ ਤਿਆਰ ਕਰ ਰਿਹਾ ਹੈ।

ਜਦੋਂ ਪ੍ਰਭੂ ਨੇ ਧਰਤੀ ਦੀ ਰਚਨਾ ਕੀਤੀ, ਤਾਂ ਸ਼ੈਤਾਨ ਸੱਪ ਦੇ ਦੁਆਰਾ ਅਦਨ ਦੇ ਬਾਗ਼ ਵਿੱਚ ਦਾਖਲ ਹੋਇਆ ਅਤੇ ਹੱਵਾਹ ਨੂੰ ਭਰਮਾਇਆ। ਪਰ ਸ਼ੈਤਾਨ ਕਦੇ ਵੀ ਨਵੇਂ ਅਕਾਸ਼ ਅਤੇ ਨਵੀਂ ਧਰਤੀ ਵਿੱਚ ਦਾਖਲ ਨਹੀਂ ਹੋ ਸਕਦਾ ਸੀ। ਅਜਿਹਾ ਇਸ ਲਈ ਹੈ ਕਿਉਂਕਿ ਯਹੋਵਾਹ ਸ਼ੈਤਾਨ ਨੂੰ ਪਤਾਲ ਵਿੱਚ ਹਮੇਸ਼ਾ ਦੇ ਲਈ ਬੰਨ੍ਹ ਦੇਵੇਗਾ। ਨਵਾਂ ਅਕਾਸ਼ ਅਤੇ ਨਵੀਂ ਧਰਤੀ ਸਿਰਫ਼ ਤੁਹਾਡੇ ਹੀ ਹੋਣਗੇ ਜਿਹੜੇ ਮਸੀਹ ਵਿੱਚ ਨਵੀਂ ਰਚਨਾ ਬਣ ਗਏ ਹਨ। (ਪ੍ਰਕਾਸ਼ ਦੀ ਪੋਥੀ 21:27)।

ਉਨ੍ਹਾਂ ਦਿਨਾਂ ਵਿੱਚ, ਨੂਹ ਅਤੇ ਉਸ ਦਾ ਪਰਿਵਾਰ ਕਿਸ਼ਤੀ ਵਿੱਚ ਗਿਆ। ਕਈ ਦਿਨਾਂ ਤੱਕ ਬਿਨਾਂ ਰੁਕੇ ਲਗਾਤਾਰ ਮੀਂਹ ਪੈ ਰਿਹਾ ਸੀ। ਫ਼ੇਰ ਕਿਸ਼ਤੀ ਅਰਾਰਾਤ ਦੇ ਪਰਬਤ ਉੱਤੇ ਟਿਕ ਗਈ। ਜਦੋਂ ਨੂਹ ਕਿਸ਼ਤੀ ਤੋਂ ਹੇਠਾਂ ਉਤਰਿਆ, ਤਾਂ ਉਸਨੇ ਦੇਖਿਆ ਕਿ ਸਾਰਾ ਸੰਸਾਰ ਤਬਾਹ ਹੋ ਗਿਆ ਹੈ। ਪਿਛਲੀਆਂ ਪੀੜ੍ਹੀਆਂ ਵਿੱਚੋਂ ਕੋਈ ਵੀ ਨਹੀਂ ਮਿਲਿਆ। ਉਹ ਨਵੀਂ ਧਰਤੀ ਉੱਤੇ ਉਤਰਿਆ ਅਤੇ ਉਸ ਦੇ ਪਰਿਵਾਰ ਤੋਂ ਨਵੀਂ ਸੰਤਾਨ ਪੈਦਾ ਹੋਈ।

ਤਿੱਤਲੀ ਆਪਣੇ ਅੰਡੇ ਇੱਕ ਪੱਤੇ ਉੱਤੇ ਦਿੰਦੀ ਹੈ। ਲਾਰਵਾ ਅੰਡੇ ਵਿੱਚੋਂ ਬਾਹਰ ਆਉਂਦਾ ਹੈ ਅਤੇ ਪੱਤਿਆਂ ਨੂੰ ਖਾਂਦਾ ਹੈ। ਫਿਰ ਕੀੜਾ ਕੈਟਰਪਿਲਰ ਬਣ ਜਾਂਦਾ ਹੈ ਅਤੇ ਲੰਬੇ ਸਮੇਂ ਤੱਕ ਬਿਨਾਂ ਕਿਸੇ ਹਲਚਲ ਦੇ ਕੋਕੂਨ ਦੇ ਅੰਦਰ ਰਹਿੰਦਾ ਹੈ। ਪਰ ਨਿਯਤ ਮੌਸਮ ਵਿੱਚ,  ਇਹ ਇੱਕ ਸੁੰਦਰ ਤਿੱਤਲੀ ਵਿੱਚ ਬਦਲ ਜਾਂਦਾ ਹੈ ਅਤੇ ਨਵੀਂ ਦੁਨੀਆਂ ਵਿੱਚ ਉੱਡ ਜਾਂਦਾ ਹੈ। ਉਸ ਦੀ ਪੁਰਾਣੀ ਦੁਨੀਆਂ ਸਿਰਫ਼ ਇੱਕ ਪੱਤਾ ਸੀ। ਪਰ ਇਸਦੀ ਨਵੀਂ ਦੁਨੀਆਂ ਸੁੰਦਰ ਪਾਰਕਾਂ ਅਤੇ ਬਗੀਚਿਆਂ ਨਾਲ ਭਰੀ ਹੋਈ ਹੈ।

ਪ੍ਰਮੇਸ਼ਵਰ ਦੇ ਬੱਚਿਓ, ਜਿਵੇਂ ਹੀ ਤੁਸੀਂ ਸਵਰਗੀ ਰਾਜ ਵਿੱਚ ਦਾਖਲ ਹੁੰਦੇ ਹੋ, ਤੁਸੀਂ ਇੱਕ ਪਲ ਵਿੱਚ ਬਦਲ ਜਾਵੋਗੇ ਅਤੇ ਮਸੀਹ ਦੇ ਸਰੂਪ ਨੂੰ ਧਾਰਨ ਕਰ ਲਵੋਂਗੇ, ਅਤੇ ਉਸ ਅਦਭੁੱਤ ਰੌਸ਼ਨੀ ਦੀ ਧਰਤੀ ਵਿੱਚ ਦਾਖਲ ਹੋਵੋਂਗੇ। ਅਤੇ ਨਾ ਫਿਰ ਪਾਪ ਹੋਵੇਗਾ, ਨਾ ਸਰਾਪ ਅਤੇ ਨਾ ਰੋਗ, ਅਤੇ ਨਾ ਫਿਰ ਭੁੱਖ। ਇਹ ਇੱਕ ਅਜਿਹਾ ਦੇਸ਼ ਹੈ ਜਿੱਥੇ ਨਾ ਹੁਣ ਰਾਤ ਹੁੰਦੀ ਹੈ ਅਤੇ ਨਾ ਹੀ ਹੰਝੂ।

ਅਭਿਆਸ ਕਰਨ ਲਈ – “ਫਿਰ ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ, ਕਿਉਂ ਜੋ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਹੈ ਅਤੇ ਹੁਣ ਸਮੁੰਦਰ ਨਹੀਂ ਹੈ”(ਪ੍ਰਕਾਸ਼ ਦੀ ਪੋਥੀ 21:1)।

Leave A Comment

Your Comment
All comments are held for moderation.