ਦਸੰਬਰ 01 – ਪ੍ਰਮੇਸ਼ਵਰ ਦੀ ਭਲਿਆਈ!
“ਕਿੰਨ੍ਹੀ ਵੱਡੀ ਹੈ ਤੇਰੀ ਭਲਿਆਈ! ਜਿਹੜੀ ਤੂੰ ਆਪਣੇ ਭੈਅ ਮੰਨਣ ਵਾਲਿਆਂ ਦੇ ਲਈ ਗੁਪਤ ਕਰ ਰੱਖੀ ਹੈ, ਜਿਹੜੀ ਤੂੰ ਆਪਣੇ ਸ਼ਰਨਾਰਥੀਆਂ ਲਈ ਆਦਮ ਵੰਸ਼ ਦੇ ਸਨਮੁਖ ਪਰਗਟ ਕੀਤੀ ਹੈ”(ਜ਼ਬੂਰਾਂ ਦੀ ਪੋਥੀ 31:19)।
ਅਸੀਂ ਸਭ ਇੱਕ ਅਜਿਹੇ ਸੰਸਾਰ ਵਿੱਚ ਰਹਿੰਦੇ ਹਾਂ ਜਿਹੜਾ ਦੁਸ਼ਟਤਾ ਅਤੇ ਕੁਧਰਮ ਨਾਲ ਭਰਿਆ ਹੋਇਆ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਤੁਹਾਡੇ ਤੋਂ ਫਾਇਦਾ ਹੋਇਆ ਹੈ, ਉਹ ਵੀ ਤੁਹਾਡੇ ਵਿਰੁੱਧ ਉੱਠਣ ਦੀ ਕੋਸ਼ਿਸ਼ ਕਰਦੇ ਹਨ। ਪਰ ਇਸ ਸਭ ਦੇ ਵਿਚਕਾਰ ਸਾਡਾ ਪ੍ਰਭੂ ਹਮੇਸ਼ਾ ਉਹੀ ਦਿੰਦਾ ਹੈ ਜੋ ਸਾਡੇ ਲਈ ਚੰਗਾ ਹੁੰਦਾ ਹੈ। ਜ਼ਬੂਰਾਂ ਦਾ ਲਿਖਾਰੀ ਦਾਊਦ, ਜਿਸ ਨੇ ਯਹੋਵਾਹ ਦੀ ਭਲਿਆਈ ਦਾ ਸੁਆਦ ਚੱਖਿਆ ਸੀ, ਕਹਿੰਦਾ ਹੈ, “ਫੇਰ ਯਹੋਵਾਹ ਉੱਤਮ ਪਦਾਰਥ ਬਖ਼ਸ਼ੇਗਾ, ਅਤੇ ਸਾਡੀ ਧਰਤੀ ਆਪਣੀ ਉਪਜ ਦੇਵੇਗੀ”(ਜ਼ਬੂਰਾਂ ਦੀ ਪੋਥੀ 85:12)।
ਇੱਕ ਵਾਰ ਇੱਕ ਪਾਸਟਰ ਅਤੇ ਉਸਦੀ ਟੀਮ ਚਰਚ ਬਣਾਉਣ ਦੇ ਲਈ ਚੰਗੀ ਜ਼ਮੀਨ ਦੀ ਭਾਲ ਵਿੱਚ ਘੁੰਮ ਰਹੇ ਸੀ। ਅਤੇ ਉਨ੍ਹਾਂ ਨੂੰ ਬਹੁਤ ਦਿਨਾਂ ਤੱਕ ਕੋਈ ਚੰਗੀ ਜਗ੍ਹਾ ਨਹੀਂ ਮਿਲੀ। ਕਈ ਮਹੀਨਿਆਂ ਦੇ ਬਾਅਦ, ਕਿਸੇ ਨੇ ਉਨ੍ਹਾਂ ਨੂੰ ਆਪਣੀ ਜ਼ਮੀਨ ਵੇਚਣ ਦੀ ਗੁਜਾਰਿਸ਼ ਕੀਤੀ, ਪਰ ਦੱਸੀ ਗਈ ਕੀਮਤ ਬਹੁਤ ਜ਼ਿਆਦਾ ਸੀ। ਪਰ ਕਿਉਂਕਿ ਚਰਚ ਦੇ ਟਰੱਸਟੀਆਂ ਕੋਲ ਕੋਈ ਹੋਰ ਵਿਕਲਪ ਹੱਥ ਵਿੱਚ ਨਹੀਂ ਮਿਲਿਆ, ਇਸ ਲਈ ਉਨ੍ਹਾਂ ਨੇ ਅੱਗੇ ਵੱਧ ਕੇ ਜ਼ਮੀਨ ਦੇ ਟੁੱਕੜੇ ਨੂੰ ਖਰੀਦਣ ਦਾ ਫੈਸਲਾ ਕੀਤਾ। ਪਰ ਪਾਸਟਰ ਨੇ, ਪਰਮੇਸ਼ੁਰ ਦੀ ਹਜ਼ੂਰੀ ਵਿੱਚ, ਨਿੱਜੀ ਪ੍ਰਾਰਥਨਾ ਵਿੱਚ, ਪਰਮੇਸ਼ੁਰ ਦੀ ਇੱਛਾ ਜਾਣਨ ਦੇ ਲਈ, ਗੋਡੇ ਟੇਕ ਦਿੱਤੇ। ਅਤੇ ਪ੍ਰਮੇਸ਼ਵਰ ਨੇ ਉਸਨੂੰ ਕਿਹਾ: ‘ਜਲਦੀ ਨਾ ਕਰੋ। ਜੋ ਚੰਗਾ ਹੈ ਮੈਂ ਤੁਹਾਨੂੰ ਦੇਵਾਂਗਾ। ਜਦੋਂ ਪਾਸਟਰ ਨੇ ਚਰਚ ਦੇ ਹੋਰ ਟਰੱਸਟੀਆਂ ਨੂੰ ਇਹ ਸੰਦੇਸ਼ ਦਿੱਤਾ, ਤਾਂ ਉਹ ਸਾਰੇ ਬਹੁਤ ਕ੍ਰੋਧਵਾਨ ਅਤੇ ਪਰੇਸ਼ਾਨ ਸੀ।
ਕੁੱਝ ਮਹੀਨੇ ਬੀਤ ਗਏ। ਅਤੇ ਇੱਕ ਦਿਨ, ਉਸ ਇਲਾਕੇ ਦੇ ਇੱਕ ਅਮੀਰ ਆਦਮੀ ਨੇ ਪਾਸਟਰ ਨੂੰ ਬੁਲਾਇਆ ਅਤੇ ਉਸਨੂੰ ਦੱਸਿਆ ਕਿ ਉਹ ਦੂਸਰੇ ਦੇਸ਼ ਵਿੱਚ ਵੱਸਣ ਦੀ ਯੋਜਨਾ ਬਣਾ ਰਹੇ ਹਨ। ਅਤੇ ਕਿਉਂਕਿ ਉਨ੍ਹਾਂ ਦੇ ਕੋਲ ਬਹੁਤ ਸਾਰਾ ਪੈਸਾ ਹੈ, ਇਸ ਲਈ ਉਹ ਚਰਚ ਨੂੰ ਭੇਟ ਵਜੋਂ ਜ਼ਮੀਨ ਦਾ ਇੱਕ ਟੁੱਕੜਾ ਦੇਣਾ ਚਾਹੁੰਦੇ ਹਨ। ਅਤੇ ਉਸਨੇ ਜ਼ਮੀਨ ਦਾ ਇੱਕ ਵੱਡਾ ਟੁੱਕੜਾ ਚਰਚ ਨੂੰ ਬਿਨਾਂ ਕਿਸੇ ਕੀਮਤ ਦੇ ਭੇਟ ਕੀਤਾ। ਤਦ ਹੀ, ਟਰੱਸਟੀਆਂ ਅਤੇ ਬਜ਼ੁਰਗਾਂ ਨੇ ਮਹਿਸੂਸ ਕੀਤਾ ਕਿ ਕਿਵੇਂ ਪ੍ਰਭੂ ਨੇ ਉਨ੍ਹਾਂ ਦੀ ਇੰਨੀ ਅਦਭੁੱਤ ਅਗਵਾਈ ਕੀਤੀ ਅਤੇ ਉਨ੍ਹਾਂ ਨੂੰ ਸਾਰੀਆਂ ਚੰਗੀਆਂ ਚੀਜ਼ਾਂ ਦਿੱਤੀਆਂ। ਉਨ੍ਹਾਂ ਨੇ ਸ਼ੁਕਰਗੁਜ਼ਾਰ ਦਿਲ ਨਾਲ ਪਰਮੇਸ਼ੁਰ ਦੀ ਉਸਤਤ ਕੀਤੀ।
ਜਦੋਂ ਇੱਕ ਦੁਨਿਆਵੀ ਪਿਤਾ ਆਪਣੇ ਬੱਚਿਆਂ ਨੂੰ ਚੰਗੇ ਤੋਹਫ਼ੇ ਦੇਣਾ ਜਾਣਦਾ ਹੈ, ਤਾਂ ਕੀ ਤੁਹਾਡਾ ਸਵਰਗੀ ਪਿਤਾ, ਜਿਹੜਾ ਇੰਨਾ ਜ਼ਿਆਦਾ ਪਿਆਰ ਕਰਨ ਵਾਲਾ ਹੈ, ਤੁਹਾਨੂੰ ਚੰਗੇ ਤੋਹਫ਼ੇ ਨਹੀਂ ਦੇਵੇਗਾ? ਉਹ ਜ਼ਰੂਰ ਹੀ ਤੁਹਾਨੂੰ ਦੇਵੇਗਾ। ਅਜਿਹੇ ਸਮੇਂ ਵਿੱਚ ਜਦੋਂ ਅਸੀਂ ਨਵੇਂ ਸਾਲ ਦੇ ਨੇੜੇ ਆ ਰਹੇ ਹਾਂ, ਸਾਡੇ ਪਰਮੇਸ਼ੁਰ ਨੇ ਤੁਹਾਡੇ ਨਾਲ ਇਹ ਕਹਿੰਦੇ ਹੋਏ ਵਾਅਦਾ ਕੀਤਾ ਹੈ: “ਸੱਚ-ਮੁੱਚ ਭਲਿਆਈ ਅਤੇ ਦਯਾ ਜਿਉਣ ਭਰ ਮੇਰਾ ਪਿੱਛਾ ਕਰਨਗੀਆਂ, ਅਤੇ ਮੈਂ ਸਦਾ ਯਹੋਵਾਹ ਦੇ ਘਰ ਵਿੱਚ ਵਸਾਂਗਾ”(ਜ਼ਬੂਰਾਂ ਦੀ ਪੋਥੀ 23:6)।
ਹੋ ਸਕਦਾ ਹੈ ਕਿ ਤੁਸੀਂ ਇਸ ਸਾਲ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੋਵੇ, ਅਤੇ ਦੁੱਖ ਅਤੇ ਹੰਝੂਆਂ ਦੇ ਰਾਹ ਤੇ ਚੱਲੇ ਹੋਵੇ। ਪਰ ਜੇਕਰ ਤੁਸੀਂ ਪ੍ਰਭੂ ਨਾਲ ਪਿਆਰ ਕਰਦੇ ਹੋ ਅਤੇ ਉਸ ‘ਤੇ ਭਰੋਸਾ ਕਰਦੇ ਹੋ, ਤਾਂ ਉਹ ਤੁਹਾਡੀ ਭਲਿਆਈ ਦੇ ਲਈ ਉਸ ਕੁੜੱਤਣ ਅਤੇ ਦਰਦ ਨੂੰ ਵੀ ਬਦਲ ਸਕਦਾ ਹੈ। “ਅਸੀਂ ਜਾਣਦੇ ਹਾਂ ਕਿ ਜਿਹੜੇ ਪਰਮੇਸ਼ੁਰ ਦੇ ਨਾਲ ਪਿਆਰ ਰੱਖਦੇ ਹਨ ਸਾਰਿਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਹੀ ਕਰਦੀਆਂ ਹਨ, ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ੁਰ ਦੀ ਇੱਛਾ ਦੇ ਅਨੁਸਾਰ ਬੁਲਾਏ ਹੋਏ ਹਨ”(ਰੋਮੀਆਂ 8:28)। ਸਾਡਾ ਪ੍ਰਭੂ ਜਿਹੜਾ ਚੱਟਾਨ ਵਿੱਚੋਂ ਪਾਣੀ ਕੱਢਦਾ ਹੈ, ਉਹ ਉਜਾੜ ਦੇ ਜੀਵਨ ਨੂੰ ਫਿਰ ਤੋਂ ਖਿੜਾਵੇਗਾ ਅਤੇ ਖੁਸ਼ਹਾਲ ਕਰੇਗਾ।
ਅਭਿਆਸ ਕਰਨ ਲਈ – “ਉਹ ਆਉਣਗੇ ਅਤੇ ਸੀਯੋਨ ਦੀ ਚੋਟੀ ਉੱਤੇ ਜੈਕਾਰੇ ਗਜਾਉਣਗੇ, ਅਤੇ ਯਹੋਵਾਹ ਦੀ ਭਲਿਆਈ ਦੇ ਕਾਰਨ ਚਮਕਣਗੇ, ਅੰਨ, ਨਵੀਂ ਮੈਂ ਅਤੇ ਤੇਲ, ਇੱਜੜ ਦੇ ਬੱਚੇ ਅਤੇ ਗਾਈਆਂ ਬਲ਼ਦ ਦੇ ਕਾਰਨ, ਉਹਨਾਂ ਦੀ ਜਾਨ ਸਿੰਜੇ ਹੋਏ ਬਾਗ਼ ਵਾਂਗੂੰ ਹੋਵੇਗੀ, ਉਹ ਫਿਰ ਕਦੀ ਉਦਾਸ ਨਾ ਹੋਣਗੇ”(ਯਿਰਮਿਯਾਹ 31:12)।