ਮਾਰਚ 23 – ਉਹ ਜਾਣਦਾ ਹੈ!
“ਯਹੋਵਾਹ ਨੇ ਆਖਿਆ ਕਿ ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ, ਸੱਚ-ਮੁੱਚ ਵੇਖਿਆ ਹੈ ਅਤੇ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗ਼ਾਰ ਕਰਾਉਣ ਵਾਲਿਆਂ ਦੇ ਕਾਰਨ ਹੈ, ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ”(ਕੂਚ 3:7)।
ਪ੍ਰਭੂ ਤੁਹਾਡੇ ਸਾਰੇ ਦੁੱਖਾਂ ਅਤੇ ਤਕਲੀਫ਼ਾਂ ਨੂੰ ਜਾਣਦਾ ਹੈ। ਹੋ ਸਕਦਾ ਹੈ ਕਿ ਤੁਹਾਡੇ ਆਪਣੇ ਪਿਤਾ ਨੂੰ ਪਤਾ ਨਾ ਹੋਵੇ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਸ ਰਾਹ ਤੋਂ ਲੰਘ ਰਹੇ ਹੋ। ਹੋ ਸਕਦਾ ਹੈ ਕਿ ਤੁਹਾਡੀ ਮਾਂ ਤੁਹਾਡੇ ਤੌਰ ਤਰੀਕਿਆਂ ਨੂੰ ਪੂਰੀ ਤਰ੍ਹਾਂ ਨਾਲ ਨਾ ਸਮਝੇ। ਪੂਰੀ ਦੁਨੀਆਂ ਵੀ ਤੁਹਾਨੂੰ ਸਮਝਣ ਵਿੱਚ ਅਸਫ਼ਲ ਹੋ ਸਕਦੀ ਹੈ। ਪਰ ਪ੍ਰਭੂ ਪਿਆਰ ਨਾਲ ਤੁਹਾਨੂੰ ਕਹਿੰਦਾ ਹੈ: “ਮੇਰੇ ਪੁੱਤਰ, ਮੇਰੀ ਧੀ, ਮੈਂ ਤੁਹਾਨੂੰ ਜਾਣਦਾ ਹਾਂ”।
ਇਸਰਾਏਲੀਆਂ ਨੇ ਮਿਸਰ ਵਿੱਚ ਆਪਣੀ ਗ਼ੁਲਾਮੀ ਵਿੱਚ ਬਹੁਤ ਜ਼ੁਲਮ ਝੱਲੇ, ਅਤੇ ਪਰਮੇਸ਼ੁਰ ਅੱਗੇ ਦੁਹਾਈ ਦਿੱਤੀ। ਉਸ ਪੁਕਾਰ ਨੇ ਪ੍ਰਭੂ ਦੇ ਦਿਲ ਨੂੰ ਪਿਘਲਾ ਦਿੱਤਾ। ਯਹੋਵਾਹ ਨੇ ਤੁਰੰਤ ਮੂਸਾ ਨੂੰ ਉਠਾਇਆ, ਅਤੇ ਮਿਸਰ ਦੇਸ਼ ਵਿੱਚ ਵੱਡੇ-ਵੱਡੇ ਨਿਸ਼ਾਨ ਅਤੇ ਅਚੰਭੇ ਕੰਮ ਕੀਤੇ। ਉਸਨੇ ਮਿਸਰ ਵਿੱਚ ਇੱਕ ਵੱਡੀ ਤਬਾਹੀ ਲਿਆਂਦੀ ਅਤੇ ਸਾਰੇ ਪਹਿਲੌਠਿਆਂ ਨੂੰ ਤਬਾਹ ਕਰ ਦਿੱਤਾ। ਉਸ ਨੇ ਮਿਸਰੀਆਂ ਦੇ ਦਿਲਾਂ ਨੂੰ ਵੀ ਪਿਘਲਾ ਦਿੱਤਾ, ਇਸ ਲਈ ਇਸਰਾਏਲੀਆਂ ਨੇ ਉਨ੍ਹਾਂ ਦੇ ਕੀਮਤੀ ਗਹਿਣੇ ਖਜ਼ਾਨੇ ਦੇ ਵਜੋਂ ਪ੍ਰਾਪਤ ਕੀਤੇ। ਅਤੇ ਉਹ ਜਿੱਤ ਦੇ ਨਾਲ ਕਨਾਨ ਦੇ ਵੱਲ ਵੱਧਦੇ ਗਏ, ਜਿਸ ਦੇਸ਼ ਵਿੱਚ ਦੁੱਧ ਅਤੇ ਸ਼ਹਿਦ ਵਗਦਾ ਹੈ।
ਕੀ ਅੱਜ ਤੁਸੀਂ ਕਿਸੇ ਪ੍ਰਕਾਰ ਦੇ ਬੰਧਨ ਵਿੱਚ ਹੋ, ਆਪਣੇ ਦਫ਼ਤਰ ਜਾਂ ਕੰਮ ਕਰਨ ਵਾਲੀ ਜਗ੍ਹਾ ਵਿੱਚ, ਕਿਸੇ ਅਣਉਚਿਤ ਕੰਮ ਦੇ ਮਾਲਕ ਦੇ ਅਧੀਨ ਹੋ? ਕੀ ਤੁਹਾਨੂੰ ਕਠੋਰ ਸ਼ਬਦ ਅਤੇ ਝੂਠੇ ਇਲਜ਼ਾਮ ਲੈਣੇ ਪੈਂਦੇ ਹਨ ਜਿਹੜੇ ਕੋੜਿਆਂ ਦੀ ਮਾਰ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ? ਕੂਚ 2:25 ਦੇ ਅਨੁਸਾਰ, ਜਿਹੜਾ ਕਹਿੰਦਾ ਹੈ: “ਤਦ ਪਰਮੇਸ਼ੁਰ ਨੇ ਇਸਰਾਏਲੀਆਂ ਵੱਲ ਨਿਗਾਹ ਕੀਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਦੀ ਖ਼ਬਰ ਲਈ” ਯਕੀਨ ਰੱਖੋ ਕਿ ਪਰਮੇਸ਼ੁਰ ਤੁਹਾਡੇ ਰਾਹ ਅਤੇ ਤੁਹਾਡੇ ਸਾਰੇ ਦੁੱਖਾਂ ਨੂੰ ਜਾਣਦਾ ਹੈ।
ਪਵਿੱਤਰ ਸ਼ਾਸਤਰ ਕਹਿੰਦਾ ਹੈ: “ਅਤੇ ਆਪਣੀ ਚਿੰਤਾ ਉਸ ਉੱਤੇ ਸੁੱਟ ਦੇਵੋ ਕਿਉਂ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ”(1 ਪਤਰਸ 5:7)। ਉਹ ਤੁਹਾਡੇ ਬਾਰੇ ਬਹੁਤ ਚਿੰਤਤ ਹੈ ਅਤੇ ਉਹ ਤੁਹਾਡੀ ਪਰਵਾਹ ਕਰਦਾ ਹੈ। ਜਦੋਂ ਤੁਸੀਂ ਪ੍ਰਮੇਸ਼ਵਰ ਦੇ ਸਮਰੱਥੀ ਹੱਥ ਵਿੱਚ ਆਪਣੇ ਆਪ ਨੂੰ ਨਮਰ ਕਰਦੇ ਹੋ, ਤਾਂ ਉਹ ਜ਼ਰੂਰ ਹੀ ਨਿਰਧਾਰਿਤ ਸਮੇਂ ਵਿੱਚ ਤੁਹਾਨੂੰ ਉੱਚਾ ਕਰੇਗਾ।
ਸਾਨੂੰ ਆਪਣੇ ਦਫ਼ਤਰ ਵਿੱਚ ਪ੍ਰਾਪਤ ਹੋਣ ਵਾਲੇ ਪੱਤਰਾਂ ਵਿੱਚ, ਪ੍ਰਮੇਸ਼ਵਰ ਦੇ ਬੱਚੇ ਸਾਨੂੰ ਆਪਣੇ ਦੁੱਖਾਂ, ਮੁਸੀਬਤਾਂ, ਪਰਤਾਵਿਆਂ ਅਤੇ ਤਕਲੀਫ਼ਾਂ ਦੇ ਬਾਰੇ ਬਹੁਤ ਉਦਾਸੀ ਨਾਲ ਲਿਖਦੇ ਹਨ। ਅਤੇ ਅਸੀਂ ਉਹਨਾਂ ਵਿੱਚੋਂ ਹਰੇਕ ਨੂੰ ਧਿਆਨ ਨਾਲ ਦੇਖਦੇ ਹਾਂ ਅਤੇ ਉਹਨਾਂ ਦੇ ਮੁੱਦਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਉਹਨਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ। ਪਰ ਸਾਡਾ ਪਰਮੇਸ਼ੁਰ ਇਨ੍ਹਾਂ ਵਿੱਚੋਂ ਹਰੇਕ ਦੇ ਬਾਰੇ ਹੋਰ ਵੀ ਬਹੁਤ ਕੁੱਝ ਜਾਣਦਾ ਹੈ। ਅਤੇ ਹੰਝੂਆਂ ਭਰੇ ਦਿਲ ਨਾਲ ਕੀਤੀਆਂ ਗਈਆਂ ਪ੍ਰਾਰਥਨਾਵਾਂ ਦਾ ਜ਼ਰੂਰ ਹੀ ਉੱਤਰ ਦਿੱਤਾ ਜਾਵੇਗਾ।
ਪਰਮੇਸ਼ੁਰ ਦੇ ਬੱਚਿਓ, ਕਿਰਪਾ ਕਰਕੇ ਯਾਦ ਰੱਖੋ ਕਿ ਤੁਸੀਂ ਪ੍ਰਭੂ ਯਿਸੂ ਦੀ ਮਜ਼ਬੂਤ ਨੀਂਹ ਉੱਤੇ ਦ੍ਰਿੜ੍ਹ ਹੋ। ਇਸ ਲਈ ਡਰੋ ਨਾ, ਕਿਉਂਕਿ ਪ੍ਰਭੂ ਜਿਹੜਾ ਤੁਹਾਡਾ ਧਿਆਨ ਰੱਖਦਾ ਹੈ, ਤੁਹਾਡੇ ਲਈ ਇੱਕ ਨਵਾਂ ਰਾਹ ਖੋਲ੍ਹੇਗਾ। ਉਹ ਤੁਹਾਡੇ ਸਾਰੇ ਦੁੱਖਾਂ ਅਤੇ ਮੁਸੀਬਤਾਂ ਨੂੰ ਜਾਣਦਾ ਹੈ।
ਅਭਿਆਸ ਕਰਨ ਲਈ – “ਫਿਰ ਵੀ ਪਰਮੇਸ਼ੁਰ ਦੀ ਧਰੀ ਹੋਈ ਪੱਕੀ ਨੀਂਹ ਅਟੱਲ ਰਹਿੰਦੀ ਹੈ ਜਿਹ ਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ ਭਈ ਪ੍ਰਭੂ ਆਪਣਿਆਂ ਨੂੰ ਜਾਣਦਾ ਹੈ, ਨਾਲੇ ਇਹ ਕਿ ਹਰੇਕ ਜਿਹੜਾ ਪ੍ਰਭੂ ਦਾ ਨਾਮ ਲੈਂਦਾ ਹੈ ਕੁਧਰਮ ਤੋਂ ਅਲੱਗ ਰਹੇ”(2 ਤਿਮੋਥਿਉਸ 2:19)।