Appam - Punjabi

ਜਨਵਰੀ 27 – ਸੰਪੂਰਨ ਮਹਿਮਾ!

“ਰਾਜਕੁਮਾਰੀ ਮਹਿਲ ਵਿੱਚ ਬਹੁਤ ਤੇਜ਼ਵੰਤ ਹੈ, ਉਸ ਦਾ ਲਿਬਾਸ ਸੁਨਹਿਰੀ ਕਸੀਦੇ ਦਾ ਹੈ”(ਜ਼ਬੂਰਾਂ ਦੀ ਪੋਥੀ 45:13)।

ਤੁਹਾਡਾ ਦੁਨਿਆਵੀ ਜੀਵਨ ਮਹਿਮਾ ਤੋਂ ਮਹਿਮਾ ਦੇ ਵੱਲ ਵੱਧਦਾ ਹੋਇਆ ਅਤੇ ਮਹਿਮਾ ਵਿੱਚ ਸੰਪੂਰਨ ਹੁੰਦਾ ਜਾਣਾ ਚਾਹੀਦਾ ਹੈ। ਜਦੋਂ ਤੁਸੀਂ ਯਿਸੂ ਨੂੰ ਆਪਣੇ ਦਿਲ ਵਿੱਚ ਸਵੀਕਾਰ ਕਰਦੇ ਹੋ, ਤਾਂ ਉਹ ਤੁਹਾਡੇ ਵਿੱਚ ਮਹਿਮਾ ਦੇ ਰਾਜਾ ਦੇ ਰੂਪ ਵਿੱਚ ਨਿਵਾਸ ਕਰਦਾ ਹੈ, ਅਤੇ ਮਹਿਮਾ ਦਾ ਬੀਜ ਤੁਹਾਡੇ ਅੰਦਰ ਬੀਜਿਆ ਗਿਆ ਹੈ। ਜਿਵੇਂ – ਜਿਵੇਂ ਤੁਸੀਂ ਮਸੀਹ ਦੇ ਸਰੂਪ ਵਿੱਚ ਵੱਧਦੇ ਹੋ, ਉਸੇ ਤਰ੍ਹਾਂ ਮਹਿਮਾ ਦਾ ਬੀਜ ਜਿਹੜਾ ਤੁਹਾਡੇ ਵਿੱਚ ਹੈ, ਉਹ ਵੀ ਸੰਪੂਰਨਤਾ ਦੇ ਵੱਲ ਵੱਧਦਾ ਹੈ।

ਪਵਿੱਤਰ ਸ਼ਾਸਤਰ ਕਹਿੰਦਾ ਹੈ: “ਕਿਉਂਕਿ ਜਿਨ੍ਹਾਂ ਨੂੰ ਉਹ ਨੇ ਪਹਿਲਾਂ ਤੋਂ ਜਾਣਿਆ ਸੀ, ਉਸ ਨੇ ਉਹਨਾਂ ਨੂੰ ਅੱਗਿਓਂ ਠਹਿਰਾਇਆ ਤਾਂ ਜੋ ਉਹ ਦੇ ਪੁੱਤਰ ਦੇ ਸਰੂਪ ਉੱਤੇ ਬਣਨ”(ਰੋਮੀਆਂ 8:29)। “ਪਰ ਅਸੀਂ ਸਭ ਅਣਕੱਜੇ ਚਿਹਰੇ ਨਾਲ ਪ੍ਰਭੂ ਦੇ ਤੇਜ ਦਾ ਸ਼ੀਸ਼ੇ ਵਿੱਚੋਂ ਪ੍ਰਤੀਬਿੰਬ ਵੇਖਦੇ ਹੋਏ ਤੇਜ ਤੋਂ ਤੇਜ ਤੱਕ ਜਿਵੇਂ ਪ੍ਰਭੂ ਅਰਥਾਤ ਉਸ ਆਤਮਾ ਤੋਂ ਉਸੇ ਰੂਪ ਵਿੱਚ ਬਦਲਦੇ ਜਾਂਦੇ ਹਾਂ”(2 ਕੁਰਿੰਥੀਆਂ 3:18)।

ਪਰਮੇਸ਼ੁਰ ਦੇ ਪਿਆਰੇ ਬੱਚਿਓ, ਤੁਹਾਡੇ ਲਈ ਮਹਿਮਾ ਤੋਂ ਮਹਿਮਾ ਦੇ ਵੱਲ ਵੱਧਣ ਦੀ ਉਮੀਦ ਹੈ। ਤੁਹਾਨੂੰ ਉਸ ਆਸ ਵਿੱਚ ਸੰਪੂਰਨ ਮਹਿਮਾ ਦੇ ਵੱਲ ਵੱਧਣਾ ਚਾਹੀਦਾ ਹੈ। ਉਹ ਉਮੀਦ ਤੁਹਾਨੂੰ ਕਦੇ ਵੀ ਅਸਫਲ ਨਹੀਂ ਕਰੇਗੀ। ਹੁਣ, ਅਜਿਹੀ ਸੰਪੂਰਨ ਮਹਿਮਾ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਰਾਜਕੁਮਾਰੀ ਆਪਣੀ ਮਹਿਮਾ ਵਿੱਚ ਕਦੋਂ ਸੰਪੂਰਨ ਹੋਵੇਗੀ। ਪਵਿੱਤਰ ਸ਼ਾਸਤਰ ਕਹਿੰਦਾ ਹੈ, “ਧੀਏ, ਸੁਣ ਅਤੇ ਵੇਖ ਅਤੇ ਆਪਣਾ ਕੰਨ ਲਾ, ਆਪਣੇ ਲੋਕ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਵੀਂ!”(ਜ਼ਬੂਰਾਂ ਦੀ ਪੋਥੀ 45:10)।

ਉੱਪਰ ਦਿੱਤੀ ਆਇਤ ਵਿੱਚ ਇੱਕ ਡੂੰਘਾ ਆਤਮਿਕ ਭੇਤ ਹੈ। ਮਸੀਹ ਦੀ ਦੁਲਹਣ ਦੇ ਰੂਪ ਵਿੱਚ, ਤੁਸੀਂ ਪਰਮੇਸ਼ੁਰ ਤੋਂ ਪਵਿੱਤਰਤਾ ਦੀ ਉਮੀਦ ਤਦ ਹੀ ਕਰ ਸਕਦੇ ਹੋ, ਜੇਕਰ ਤੁਸੀਂ ਆਪਣੇ ਪਾਪਾਂ ਦੇ ਲਈ ਮਰੋਂਗੇ। ਸਿਰਫ਼ ਜਦੋਂ ਪਿਛਲਾ ਪਾਪੀ ਜੀਵਨ ਪੂਰੀ ਤਰ੍ਹਾਂ ਨਾਲ ਮਰ ਚੁੱਕਿਆ ਹੋਵੇਗਾ, ਤਦ ਹੀ ਤੁਸੀਂ ਮਹਿਮਾ ਦੇ ਜੀਵਨ ਵਿੱਚ ਦਾਖਲ ਹੋ ਸਕੋਂਗੇ। ਜਦੋਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਬੁਲਾਇਆ, ਤਾਂ ਉਸਨੇ ਆਖਿਆ: “ਤੂੰ ਆਪਣੇ ਦੇਸ਼, ਆਪਣੇ ਸੰਬੰਧੀਆਂ, ਅਤੇ ਆਪਣੇ ਪਿਤਾ ਦੇ ਘਰ ਨੂੰ ਛੱਡ ਕੇ ਉਸ ਦੇਸ਼ ਨੂੰ ਚੱਲਿਆ ਜਾ ਜੋ ਮੈਂ ਤੈਨੂੰ ਵਿਖਾਵਾਂਗਾ”(ਉਤਪਤ 12:1)।

ਪਰਮੇਸ਼ੁਰ ਨੇ ਅਬਰਾਹਾਮ ਨੂੰ ਇਸ ਤਰ੍ਹਾਂ ਕਿਉਂ ਆਖਿਆ? ਕਿਉਂਕਿ ਤਦ ਹੀ ਅਬਰਾਹਾਮ ਪੂਰੀ ਤਰ੍ਹਾਂ ਨਾਲ ਪਰਮੇਸ਼ੁਰ ਉੱਤੇ ਭਰੋਸਾ ਕਰ ਸਕੇਗਾ। ਪਰ ਜਦੋਂ ਉਹ ਆਪਣੇ ਪਿਤਾ ਦੇ ਘਰ ਅਤੇ ਆਪਣੀ ਮਾਂ ਦੇ ਘਰ ਨੂੰ ਭੁੱਲ ਜਾਵੇਗਾ, ਤਦ ਉਹ ਪ੍ਰਮੇਸ਼ਵਰ ਨੂੰ ਮਜ਼ਬੂਤੀ ਨਾਲ ਫੜੀ ਰੱਖਣ ਦੇ ਯੋਗ ਹੋਵੇਗਾ, ਅਤੇ ਸੰਪੂਰਨ ਮਹਿਮਾ ਦੇ ਵੱਲ ਵੱਧ ਸਕੇਗਾ।

ਉਸ ਦਿਨ, ਕਨਾਨ ਦੇਸ਼ ਵਿੱਚ ਦਾਖਲ ਹੋਣ ਦੇ ਲਈ ਅਬਰਾਹਾਮ ਨੂੰ ਆਪਣੇ ਪਿਤਾ ਦੇ ਘਰ ਅਤੇ ਆਪਣੀ ਮਾ ਦੇ ਘਰ ਨੂੰ ਭੁੱਲਣਾ ਪਿਆ। ਉਸੇ ਤਰ੍ਹਾਂ, ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਇਸ ਦੁਨੀਆਂ ਦੇ ਰਾਜ ਦੀਆਂ ਸਾਰੀਆਂ ਚੀਜ਼ਾਂ ਨਾਲ ਨਫ਼ਰਤ ਕਰੋ ਅਤੇ ਉਨ੍ਹਾਂ ਨੂੰ ਤਿਆਗ ਦਿਓ, ਤਾਂ ਜੋ ਤੁਸੀਂ ਸਦੀਪਕ ਕਨਾਨ – ਸਦੀਪਕ ਮਹਿਮਾ ਦੀ ਧਰਤੀ ਵਿੱਚ ਦਾਖਲ ਹੋ ਸਕੋ। ਤਦ ਹੀ ਤੁਸੀਂ ਆਪਣੀ ਅੰਦਰਲੀ ਇਨਸਾਨੀਅਤ ਵਿੱਚ ਪੂਰੀ ਮਹਿਮਾ ਪ੍ਰਾਪਤ ਕਰ ਸਕੋਂਗੇ। ਪਰਮੇਸ਼ੁਰ ਦੇ ਬੱਚਿਓ, ਆਪਣੇ ਆਪ ਨੂੰ ਮਹਿਮਾ ਤੋਂ ਮਹਿਮਾ ਦੇ ਵੱਲ ਜਾਣ ਅਤੇ ਸੀਯੋਨ ਪਰਬਤ ਉੱਤੇ ਪਾਏ ਜਾਣ ਦੇ ਲਈ ਪਵਿੱਤਰ ਕਰੋ। ਅਤੇ ਯਹੋਵਾਹ ਤੁਹਾਡੀ ਮਹਿਮਾ ਦੇ ਰਾਹ ਵਿੱਚ ਅਗਵਾਈ ਕਰੇਗਾ।

ਅਭਿਆਸ ਕਰਨ ਲਈ – “ਤਾਂ ਉਹ ਮੈਨੂੰ ਆਤਮਾ ਵਿੱਚ ਇੱਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸ ਨੇ ਉਹ ਪਵਿੱਤਰ ਨਗਰੀ ਯਰੂਸ਼ਲਮ ਪਰਮੇਸ਼ੁਰ ਕੋਲੋਂ ਸਵਰਗ ਤੋਂ ਉੱਤਰਦੀ ਮੈਨੂੰ ਵਿਖਾਈ, ਜਿਹ ਦੇ ਵਿੱਚ ਪਰਮੇਸ਼ੁਰ ਦਾ ਤੇਜ ਸੀ”(ਪ੍ਰਕਾਸ਼ ਦੀ ਪੋਥੀ 21:10)।

Leave A Comment

Your Comment
All comments are held for moderation.