Appam - Punjabi

ਨਵੰਬਰ 24 – ਤਿੰਨ ਸਲਾਹਕਾਰ!

“ਆਸ ਵਿੱਚ ਅਨੰਦ ਅਤੇ ਬਿਪਤਾ ਵਿੱਚ ਧੀਰਜ ਕਰੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ”(ਰੋਮੀਆਂ 12:12)।

ਉੱਪਰ ਦਿੱਤੀ ਆਇਤ ਦੁਆਰਾ ਪਵਿੱਤਰ ਆਤਮਾ ਸਾਨੂੰ ਤਿੰਨ ਅਨਮੋਲ ਸਲਾਹਾਂ ਦੇ ਰਿਹਾ ਹੈ। ਇਹ ਆਇਤ ਸਾਨੂੰ ਸਪੱਸ਼ਟ ਤੌਰ ਤੇ ਨਿਰਦੇਸ਼ ਦਿੰਦੀ ਹੈ ਕਿ ਕਿਵੇਂ ਇੱਕ ਮਸੀਹੀ ਨੂੰ ਆਸ ਵਿੱਚ, ਬਿਪਤਾ ਵਿੱਚ ਅਤੇ ਪ੍ਰਾਰਥਨਾ ਵਿੱਚ ਰਹਿਣਾ ਚਾਹੀਦਾ ਹੈ।

ਸਭ ਤੋਂ ਪਹਿਲਾਂ, ਆਪਣੀ ਆਸ ਵਿੱਚ ਅਨੰਦ ਕਰੋ। ਇਸ ਦੁਨੀਆਂ ਦੇ ਲੋਕ ਆਪਣੀ ਆਸ ਧਨ, ਦੌਲਤ ਅਤੇ ਪ੍ਰਭਾਵ ਦੇ ਪੱਧਰ ਵਰਗੀਆਂ ਚੀਜ਼ਾਂ ਉੱਤੇ ਰੱਖਦੇ ਹਨ। ਪਰ ਇਹ ਸਭ ਕੁੱਝ ਹੀ ਇੱਕ ਪਲ ਵਿੱਚ ਅਵਿਸ਼ਵਾਸ਼ਯੋਗ ਸਾਬਿਤ ਹੋਣਗੇ। ਇਸ ਲਈ, ਆਪਣੇ ਵਿਸ਼ਵਾਸ ਦੀ ਆਸ ਸਿਰਫ਼ ਪ੍ਰਭੂ ਉੱਤੇ ਹੀ ਰੱਖੋ।

ਜ਼ਬੂਰਾਂ ਦਾ ਲਿਖਾਰੀ ਦਾਊਦ ਕਹਿੰਦਾ ਹੈ, “ਸਾਡੇ ਪੁਰਖਿਆਂ ਨੇ ਤੇਰੇ ਉੱਤੇ ਭਰੋਸਾ ਕੀਤਾ, ਉਨ੍ਹਾਂ ਨੇ ਭਰੋਸਾ ਕੀਤਾ ਅਤੇ ਤੂੰ ਉਨ੍ਹਾਂ ਨੂੰ ਛੁਡਾਇਆ। ਉਨ੍ਹਾਂ ਨੇ ਤੇਰੀ ਦੁਹਾਈ ਦਿੱਤੀ ਅਤੇ ਛੁਟਕਾਰਾ ਪਾਇਆ, ਉਨ੍ਹਾਂ ਨੇ ਤੇਰੇ ਉੱਤੇ ਭਰੋਸਾ ਰੱਖਿਆ ਅਤੇ ਓਹ ਸ਼ਰਮਿੰਦੇ ਨਾ ਹੋਏ। ਜੰਮਦਿਆਂ ਸਾਰ ਮੈਂ ਤੇਰੇ ਹੀ ਉੱਤੇ ਭਰੋਸਾ ਰੱਖਿਆ, ਮਾਤਾ ਦੀ ਕੁੱਖ ਤੋਂ ਹੀ ਤੂੰ ਮੇਰਾ ਪਰਮੇਸ਼ੁਰ ਹੈਂ”(ਜ਼ਬੂਰਾਂ ਦੀ ਪੋਥੀ 22:4,5,10)।

ਪਰ ਜਿਹੜਾ ਯਹੋਵਾਹ ਤੇ ਭਰੋਸਾ ਕਰਦਾ ਹੈ ਦਯਾ ਉਸ ਨੂੰ ਘੇਰੀਂ ਰੱਖੇਗੀ (ਜ਼ਬੂਰਾਂ ਦੀ ਪੋਥੀ 32:10)। ਇਸ ਭਰੋਸੇ ਤੇ ਖੁਸ਼ ਰਹੋ। ਧੰਨ ਹੈ ਉਹ ਆਦਮੀ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ! (ਜ਼ਬੂਰਾਂ ਦੀ ਪੋਥੀ 84:12)।

ਦੂਸਰਾ, ਆਪਣੀ ਬਿਪਤਾ ਵਿੱਚ ਧੀਰਜ ਰੱਖਣਾ। ਇਸ ਧਰਤੀ ਉੱਤੇ ਜਨਮ ਲੈਣ ਵਾਲੇ ਹਰੇਕ ਵਿਅਕਤੀ ਨੂੰ ਬਿਪਤਾ ਵਿੱਚੋਂ ਗੁਜ਼ਰਨਾ ਪੈਂਦਾ ਹੈ। ਸਮਾਜਿਕ ਰੁਤਬੇ, ਸਿੱਖਿਆ ਦੇ ਪੱਧਰ ਦੇ ਬਾਵਜੂਦ ਸਾਰਿਆਂ ਨੂੰ ਬਿਪਤਾ ਦੇ ਰਸਤਿਆਂ ਤੋਂ ਲੰਘਣਾ ਪੈਂਦਾ ਹੈ। ਸਾਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਮਸੀਹੀ ਸਮੱਸਿਆਵਾਂ ਜਾਂ ਬਿਪਤਾ ਤੋਂ ਪੂਰੀ ਤਰ੍ਹਾਂ ਮੁਕਤ ਹਨ। ਪ੍ਰਭੂ ਯਿਸੂ ਨੇ ਖ਼ੁਦ ਚੇਤਾਵਨੀ ਦਿੱਤੀ ਸੀ, “ਇਸ ਦੁਨੀਆਂ ਵਿੱਚ ਤੁਸੀਂ ਕਸ਼ਟ ਝੱਲੋਂਗੇ। ਪਰ ਹੌਂਸਲਾ ਰੱਖੋ…”(ਯੂਹੰਨਾ ਦੀ ਇੰਜੀਲ 16:33)।

ਤੁਹਾਨੂੰ ਘਬਰਾਉਣਾ ਨਹੀਂ ਬਲਕਿ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਲਈ ਧੀਰਜ ਰੱਖਣਾ ਸਿੱਖਣਾ ਚਾਹੀਦਾ ਹੈ। ਕਿਉਂਕਿ, ਜੇਕਰ ਤੁਸੀਂ ਡਰ ਨਾਲ ਕੰਬਦੇ ਹੋ, ਤਾਂ ਇਹ ਸਿਰਫ਼ ਸ਼ੈਤਾਨ ਨੂੰ ਖੁਸ਼ ਕਰੇਗਾ। ਇਹ ਸਿਰਫ਼ ਬਿਪਤਾ ਦਾ ਰਾਹ ਹੀ ਹੈ ਜਿਹੜਾ ਤੁਹਾਨੂੰ ਸਵਰਗ ਦੇ ਵੱਲ ਲੈ ਜਾਂਦਾ ਹੈ। ਇਸ ਲਈ, ਆਪਣੀਆਂ ਬਿਪਤਾ ਵਿੱਚ ਧੀਰਜ ਰੱਖੋ। ਰਸੂਲ ਪੌਲੁਸ ਵੀ ਸਾਨੂੰ ਵਿਸ਼ਵਾਸ ਵਿੱਚ ਬਣੇ ਰਹਿਣ ਦੀ ਸਲਾਹ ਦਿੰਦਾ ਹੈ, ਕਿਉਂਕਿ ਅਸੀਂ ਬਹੁਤ ਮੁਸ਼ਕਲਾਂ ਨੂੰ ਸਹਿ ਕੇ ਪਰਮੇਸ਼ੁਰ ਦੇ ਰਾਜ ਵਿੱਚ ਵੜਨਾ ਹੈ”(ਰਸੂਲਾਂ ਦੇ ਕਰਤੱਬ 14:22)।

ਤੀਸਰਾ, ਆਪਣੀ ਪ੍ਰਾਰਥਨਾ ਵਿੱਚ ਦ੍ਰਿੜ੍ਹ ਰਹੋ। ਤੁਹਾਨੂੰ ਕਦੇ ਵੀ ਪ੍ਰਾਰਥਨਾ ਕਰਦੇ ਹੋਏ ਨਹੀਂ ਥੱਕਣਾ ਚਾਹੀਦਾ ਹੈ। ਤੁਹਾਨੂੰ ਦ੍ਰਿੜ੍ਹ ਰਹਿਣਾ ਚਾਹੀਦਾ ਅਤੇ ਆਪਣੀਆਂ ਪ੍ਰਾਰਥਨਾਵਾਂ ਵਿੱਚ ਵਚਨਬੱਧ ਰਹਿਣਾ ਚਾਹੀਦਾ। ਸਾਡੇ ਪ੍ਰਭੂ ਨੇ ਲਗਾਤਾਰ ਵਿਧਵਾ ਦਾ ਦ੍ਰਿਸ਼ਟਾਂਤ ਦਿੱਤਾ, ਇਹ ਸਮਝਾਉਣ ਦੇ ਲਈ ਕਿ ਸਾਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਕਿਵੇਂ ਦ੍ਰਿੜ੍ਹ ਰਹਿਣਾ ਚਾਹੀਦਾ ਹੈ। ਅਤੇ ਉਸ ਦ੍ਰਿਸ਼ਟਾਂਤ ਦੇ ਅੰਤ ਵਿੱਚ, ਅਸੀਂ ਇਹ ਵੀ ਦੇਖਦੇ ਹਾਂ ਕਿ ਉਹ ਕਿਵੇਂ ਨਿਆਂ ਪ੍ਰਾਪਤ ਕਰਨ ਦੇ ਯੋਗ ਸੀ, ਆਪਣੀ ਲਗਾਤਾਰ ਬੇਨਤੀ ਦੇ ਦੁਆਰਾ, ਇੱਥੋਂ ਤੱਕ ਕਿ ਅਜਿਹੀ ਬੇਇਨਸਾਫ਼ੀ ਨਿਆਂ ਤੋਂ ਵੀ (ਲੂਕਾ ਦੀ ਇੰਜੀਲ 18:5)। ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਇਹ ਕਦੇ ਨਾ ਭੁੱਲੇ ਕਿ ਹਰ ਪ੍ਰਾਰਥਨਾ ਦਾ ਉੱਤਰ ਪ੍ਰਮੇਸ਼ਵਰ ਦੁਆਰਾ ਦਿੱਤਾ ਜਾਂਦਾ ਹੈ।

ਅਭਿਆਸ ਕਰਨ ਲਈ – “ਜਦੋਂ ਉਹ ਬੇਨਤੀ ਕਰ ਹਟੇ ਤਾਂ, ਉਹ ਥਾਂ ਜਿੱਥੇ ਉਹ ਇਕੱਠੇ ਹੋਏ ਸਨ, ਹਿੱਲ ਗਿਆ ਅਤੇ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਪਰਮੇਸ਼ੁਰ ਦਾ ਬਚਨ ਬਿਨ੍ਹਾਂ ਡਰੇ ਸੁਣਾਉਣ ਲੱਗੇ”(ਰਸੂਲਾਂ ਦੇ ਕਰਤੱਬ 4:31)।

Leave A Comment

Your Comment
All comments are held for moderation.