ਅਗਸਤ 28 – ਜਿਸ ਰਸਤੇ ਤੋਂ ਤੁਸੀਂ ਆਏ!
“ਪ੍ਰਭੂ ਅਰਥਾਤ ਯਿਸੂ ਨੇ ਜੋ ਤੈਨੂੰ ਉਸ ਰਾਹ ਵਿੱਚ ਵਿਖਾਈ ਦਿੱਤਾ, ਜਿਸ ਤੋਂ ਤੂੰ ਆਇਆ ਸੀ, ਮੈਨੂੰ ਭੇਜਿਆ ਹੈ ਕਿ ਤੂੰ ਸੁਜਾਖਾ ਹੋ ਜਾਵੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ”(ਰਸੂਲਾਂ ਦੇ ਕਰਤੱਬ 9:17)।
ਹਨਾਨਿਯਾਹ ਰਸੂਲ ਪੌਲੁਸ ਨੂੰ ਇਹ ਕਹਿ ਕੇ ਇੱਕ ਮਹੱਤਵਪੂਰਣ ਗੱਲ ਯਾਦ ਦਿਵਾਉਂਦਾ ਹੈ, ‘ਉਸ ਰਾਹ ਵਿੱਚ ਜਿਸ ਤੋਂ ਤੂੰ ਆਇਆ ਸੀ। ‘ਜਦੋਂ ਸੌਲੁਸ ਦੁੱਖ ਦੇਣ ਵਾਲੇ ਦੇ ਰੂਪ ਵਿੱਚ ਆਇਆ ਤਾਂ ਪ੍ਰਮੇਸ਼ਵਰ ਨੇ ਰਸਤੇ ਵਿੱਚ ਦਖ਼ਲ ਦਿੱਤਾ। ਜਦੋਂ ਉਹ ਦੰਮਿਸ਼ਕ ਦੇ ਨੇੜੇ ਆ ਰਿਹਾ ਸੀ, ਤਾਂ ਅਚਾਨਕ ਅਕਾਸ਼ ਵਿੱਚੋਂ ਇੱਕ ਜੋਤੀ ਉਹ ਦੇ ਆਲੇ-ਦੁਆਲੇ ਚਮਕੀ, ਇਹ ਹੀ ਉਹ ਮੌਕਾ ਸੀ ਜਦੋਂ ਪਰਮੇਸ਼ੁਰ ਨੇ ਸੌਲੁਸ ਨੂੰ ਪੌਲੁਸ ਵਿੱਚ ਬਦਲ ਦਿੱਤਾ।
ਤੁਸੀਂ ਕਿਸ ਰਸਤੇ ਉੱਤੇ ਜਾ ਰਹੇ ਹੋ? ਕੀ ਤੁਸੀਂ ਪ੍ਰਮੇਸ਼ਵਰ ਦੇ ਬੱਚਿਆਂ ਦੇ ਵਿਰੁੱਧ ਜਾ ਰਹੇ ਹੋ ਅਤੇ ਇਸ ਤਰ੍ਹਾਂ ਪ੍ਰਮੇਸ਼ਵਰ ਨੂੰ ਦੁਖੀ ਕਰ ਰਹੇ ਹੋ? ਕੀ ਤੁਸੀਂ ਸਰਾਪ ਦੇ ਰਾਹ ਤੇ ਚੱਲ ਰਹੇ ਹੋ? ਪ੍ਰਮੇਸ਼ਵਰ ਦਖ਼ਲ ਦੇਣ ਅਤੇ ਤੁਹਾਡੇ ਰਾਹ ਨੂੰ ਸਿੱਧਾ ਕਰਨਾ ਚਾਹੁੰਦੇ ਹਨ।
ਇੱਕ ਭਰਾ ਨੇ ਪੈਸੇ ਕਮਾਉਣ ਦੇ ਲਈ ਦੁਬਈ ਜਾਣ ਦੀ ਯੋਜਨਾ ਬਣਾਈ। ਜਾਣ ਤੋਂ ਕੁਝ ਦਿਨ ਪਹਿਲਾਂ, ਉਹ ਚੇਨੱਈ ਵਿੱਚ ਆਪਣੇ ਦੋਸਤ ਦੇ ਘਰ ਗਿਆ। ਉਸ ਸਮੇਂ, ਕੁਝ ਦੋਸਤਾਂ ਨੇ ਰਾਤ ਨੂੰ ਪ੍ਰਾਰਥਨਾ ਕਰਨ ਦੇ ਲਈ ਬੀਚ ਤੇ ਜਾਣ ਦੀ ਯੋਜਨਾ ਬਣਾਈ। ਇਹ ਭਰਾ ਵੀ ਉਨ੍ਹਾਂ ਦੇ ਨਾਲ ਰਲ ਗਿਆ ਅਤੇ ਪ੍ਰਾਰਥਨਾ ਕਰਨ ਚਲਾ ਗਿਆ। ਜਦੋਂ ਉਹ ਇੱਕ ਚੱਕਰ ਬਣਾ ਕੇ ਬੈਠੇ ਸੀ ਅਤੇ ਪ੍ਰਾਰਥਨਾ ਕਰ ਰਹੇ ਸੀ, ਪਵਿੱਤਰ ਆਤਮਾ ਸ਼ਕਤੀਸ਼ਾਲੀ ਰੂਪ ਨਾਲ ਉਨ੍ਹਾਂ ਉੱਤੇ ਉਤਰਿਆ।
ਜਿਸ ਭਰਾ ਨੇ ਦੁਬਈ ਜਾਣ ਦੀ ਯੋਜਨਾ ਬਣਾਈ ਸੀ, ਉਹ ਬਹੁਤਾਇਤ ਨਾਲ ਪਵਿੱਤਰ ਆਤਮਾ ਦੀ ਅੱਗ ਨਾਲ ਭਰ ਗਿਆ। ਉਸ ਵਿੱਚ ਕਈ ਘੰਟਿਆਂ ਤੱਕ ਮਸਹ ਭਰ ਕੇ ਵੱਗਦਾ ਰਿਹਾ। ਕੀ ਤੁਸੀਂ ਜਾਣਦੇ ਹੋ ਕਿ ਅੰਤ ਵਿੱਚ ਕੀ ਹੋਇਆ? ਜਿਸ ਆਦਮੀ ਨੇ ਪੈਸੇ ਕਮਾਉਣ ਦੇ ਲਈ ਦੁਬਈ ਜਾਣ ਦੀ ਯੋਜਨਾ ਬਣਾਈ ਸੀ, ਉਸ ਨੇ ਆਪਣਾ ਮਨ ਬਦਲ ਲਿਆ ਅਤੇ ਆਪਣੇ ਆਪ ਨੂੰ ਪ੍ਰਮੇਸ਼ਵਰ ਦਾ ਪੂਰੇ ਸਮੇਂ ਲਈ ਸੇਵਕ ਬਣਨ ਅਤੇ ਆਤਮਾਵਾਂ ਪ੍ਰਾਪਤ ਕਰਨ ਦੇ ਲਈ ਸਮਰਪਿਤ ਕਰ ਦਿੱਤਾ।
ਆਪਣੇ ਰਾਹਾਂ ਨੂੰ ਪ੍ਰਮੇਸ਼ਵਰ ਦੇ ਲਈ ਸਮਰਪਿਤ ਕਰੋ ਅਤੇ ਉਸ ਉੱਤੇ ਭਰੋਸਾ ਕਰੋ। ਫਿਰ ਉਹ ਤੁਹਾਡੇ ਰਾਹ ਨੂੰ ਖੁਸ਼ਹਾਲ ਬਣਾਉਣਗੇ। ਇੰਨਾ ਹੀ ਨਹੀਂ। ਪ੍ਰਮੇਸ਼ਵਰ ਤੁਹਾਡੇ ਰਾਹ ਵਿੱਚ ਸਭ ਪ੍ਰਕਾਰ ਨਾਲ ਤੁਹਾਡੇ ਨਾਲ ਆਉਣਗੇ। ਹੁਣ ਤੁਸੀਂ ਇਕੱਲੇ ਨਹੀਂ ਚੱਲੋਂਗੇ।
ਮੂਸਾ ਨੇ ਇਸਰਾਏਲੀਆਂ ਨੂੰ ਪਿਆਰ ਨਾਲ ਆਖਿਆ, “ਅਤੇ ਉਜਾੜ ਵਿੱਚ ਵੀ, ਜਿੱਥੇ ਤੁਸੀਂ ਵੇਖਿਆ ਕਿ ਜਿਵੇਂ ਮਨੁੱਖ ਆਪਣੇ ਪੁੱਤਰ ਨੂੰ ਚੁੱਕਦਾ ਹੈ, ਉਸੇ ਤਰ੍ਹਾਂ ਹੀ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਤੁਹਾਡੇ ਸਾਰੇ ਰਾਹਾਂ ਵਿੱਚ ਜਿੱਥੇ ਤੁਸੀਂ ਜਾਂਦੇ ਸੀ ਚੁੱਕ ਕੇ ਰੱਖਿਆ, ਜਦ ਤੱਕ ਤੁਸੀਂ ਇਸ ਸਥਾਨ ਤੱਕ ਨਹੀਂ ਪਹੁੰਚੇ।” ਜੋ ਰਾਹ ਵਿੱਚ ਤੁਹਾਡੇ ਅੱਗੇ-ਅੱਗੇ ਚੱਲਦਾ ਸੀ ਤਾਂ ਜੋ ਉਹ ਤੁਹਾਡੇ ਲਈ ਡੇਰੇ ਲਾਉਣ ਦਾ ਸਥਾਨ ਲੱਭੇ, ਰਾਤ ਨੂੰ ਅੱਗ ਵਿੱਚ ਅਤੇ ਦਿਨ ਨੂੰ ਬੱਦਲ ਵਿੱਚ ਹੋ ਕੇ ਉਹ ਤੁਹਾਨੂੰ ਉਹ ਰਾਹ ਵਿਖਾਉਂਦਾ ਸੀ, ਜਿਸ ਵਿੱਚ ਤੁਸੀਂ ਜਾਣਾ ਹੁੰਦਾ ਸੀ”(ਬਿਵਸਥਾ ਸਾਰ 1:31,33)।
ਪ੍ਰਮੇਸ਼ਵਰ ਦੇ ਪਿਆਰੇ ਬੱਚਿਓ, ਅਣਗਿਣਤ ਹਾਰਾਂ ਦੇ ਕਾਰਨ ਪੈਦਾ ਹੋਈ ਕੁੜੱਤਣ ਦੇ ਕਾਰਨ ਕੀ ਤੁਸੀਂ ਪ੍ਰਮੇਸ਼ਵਰ ਦੇ ਰਾਹ ਤੋਂ ਭਟਕ ਗਏ ਹੋ? ਕੀ ਤੁਸੀਂ ਚਿੰਤਤ ਹੋ ਕਿ ਕੀ ਤੁਹਾਨੂੰ ਚੈਨ ਮਿਲੇਗਾ? ਉਮੀਦ ਦੇ ਨਾਲ ਪ੍ਰਮੇਸ਼ਵਰ ਦੇ ਰਾਹ ਤੇ ਵਾਪਸ ਆਓ। ਉਹ ਤੁਹਾਨੂੰ ਪਵਿੱਤਰਤਾ ਦੇ ਰਾਹ ਵਿੱਚ ਅਗਵਾਈ ਕਰਨਗੇ।
ਅਭਿਆਸ ਕਰਨ ਲਈ – “…ਕਿਉਂ ਜੋ ਯਹੋਵਾਹ ਤੁਹਾਡੇ ਅੱਗੇ-ਅੱਗੇ ਚੱਲੇਗਾ, ਇਸਰਾਏਲ ਦਾ ਪਰਮੇਸ਼ੁਰ ਪਿੱਛੋਂ ਤੁਹਾਡੀ ਰਾਖੀ ਕਰੇਗਾ”(ਯਸਾਯਾਹ 52:12)।