ਮਾਰਚ 05 – ਉਹ ਚਾਨਣ ਕਰੇਗਾ!
“ਫੇਰ ਤੂੰ ਮੇਰਾ ਦੀਵਾ ਬਾਲਦਾ ਹੈਂ, ਯਹੋਵਾਹ ਮੇਰਾ ਪਰਮੇਸ਼ੁਰ ਮੇਰੇ ਹਨੇਰੇ ਨੂੰ ਚਾਨਣ ਕਰਦਾ ਹੈ”(ਜ਼ਬੂਰਾਂ ਦੀ ਪੋਥੀ 18:28)।
ਇੱਥੇ ਅਸੀਂ ਦੇਖਦੇ ਹਾਂ ਕਿ ਦਾਊਦ ਗੰਭੀਰਤਾ ਨਾਲ ਪ੍ਰਭੂ ਅੱਗੇ ਪ੍ਰਾਰਥਨਾ ਕਰ ਰਿਹਾ ਹੈ ਕਿ ਉਹ ਆਪਣਾ ਦੀਵਾ ਜਗਾਵੇ, ਉਸ ਦੇ ਹਨੇਰੇ ਨੂੰ ਚਾਨਣ ਕਰੇ ਅਤੇ ਉਸ ਦਾ ਜੀਵਨ ਦੂਸਰਿਆਂ ਦੇ ਲਈ ਇੱਕ ਬਰਕਤ ਬਣੇ। ਇਹ ਅਸਲ ਵਿੱਚ ਇੱਕ ਅਦਭੁੱਤ ਪ੍ਰਾਰਥਨਾ ਹੈ!
ਜਦੋਂ ਵੀ ਰਾਸ਼ਟਰਪਤੀ ਜਾਂ ਸਰਕਾਰ ਦੇ ਕਿਸੇ ਮੰਤਰੀ ਦੁਆਰਾ ਵੱਡੀਆਂ ਫੈਕਟਰੀਆਂ ਦਾ ਉਦਘਾਟਨ ਕੀਤਾ ਜਾਂਦਾ ਹੈ, ਤਾਂ ਉਹ ਇੱਕ ਦੀਵਾ ਜਗਾਉਂਦੇ ਹਨ, ਜਿਹੜਾ ਸ਼ੁੱਭ ਸ਼ੁਰੂਆਤ ਦਾ ਸੰਕੇਤ ਹੈ। ਕਿਉਂਕਿ ਚਾਨਣ ਵਿੱਚ ਹਨੇਰੇ ਨੂੰ ਦੂਰ ਕਰਨ ਦੀ ਸ਼ਕਤੀ ਹੁੰਦੀ ਹੈ, ਇਸ ਨੂੰ ਬਰਕਤਾਂ ਦਾ ਸੰਕੇਤ ਮੰਨਿਆ ਜਾਂਦਾ ਹੈ।
ਮਨੁੱਖ ਨੇ ਹਨੇਰੇ ਨੂੰ ਦੂਰ ਕਰਨ ਦੇ ਲਈ ਕਈ ਤਰ੍ਹਾਂ ਦੇ ਦੀਵਿਆਂ ਦੀ ਖੋਜ ਕੀਤੀ ਹੈ। ਅਜਿਹੇ ਦੀਵੇ ਹਨ ਜਿਹੜੇ ਜਾਨਵਰਾਂ ਦੀ ਚਰਬੀ ਨਾਲ ਜਗਾਏ ਜਾਂਦੇ ਹਨ। ਸਾਡੇ ਕੋਲ ਮੋਮਬੱਤੀਆਂ ਹਨ। ਸਾਡੇ ਕੋਲ ਮਿੱਟੀ ਦੇ ਤੇਲ ਵਾਲੇ ਦੀਵੇ ਹਨ। ਅਤੇ ਹੁਣ ਮੌਜੂਦਾ ਸਮੇਂ ਵਿੱਚ, ਸਾਡੇ ਕੋਲ ਹਨੇਰੇ ਨੂੰ ਦੂਰ ਕਰਨ ਅਤੇ ਸਾਨੂੰ ਚਾਨਣ ਦੇਣ ਦੇ ਲਈ ਬਿਜਲੀ ਦੇ ਦੀਵੇ ਹਨ।
ਸ਼ੁਰੂਆਤ ਵਿੱਚ, ਪ੍ਰਮੇਸ਼ਵਰ ਨੇ ਪੂਰੀ ਦੁਨੀਆਂ ਨੂੰ ਰੌਸ਼ਨ ਕਰਨ ਦਾ ਫੈਸਲਾ ਕੀਤਾ। ਜਦੋਂ ਉਸਨੇ ਦੇਖਿਆ ਕਿ ਧਰਤੀ ਬੇਡੌਲ ਅਤੇ ਵਿਰਾਨ ਸੀ; ਅਤੇ ਡੁੰਘਿਆਈ ਉੱਤੇ ਹਨ੍ਹੇਰਾ ਸੀ, ਪਰਮੇਸ਼ੁਰ ਨੇ ਆਖਿਆ: “ਚਾਨਣ ਹੋਵੇ”। ਸੂਰਜ, ਚੰਦ ਅਤੇ ਤਾਰੇ ਬਹੁਤ ਚਮਕਦੇ ਸੀ। ਉਨ੍ਹਾਂ ਨੇ ਦੁਨੀਆਂ ਦੇ ਹਨੇਰੇ ਨੂੰ ਦੂਰ ਕੀਤਾ ਅਤੇ ਇੱਕ ਚਮਕਦਾਰ ਰੌਸ਼ਨੀ ਦਿੱਤੀ।
ਪਰ ਦਿਨ ਦੀ ਮੁੱਖ ਆਇਤ ਵਿੱਚ, ਦਾਊਦ ਯਹੋਵਾਹ ਅੱਗੇ ਪ੍ਰਾਰਥਨਾ ਕਰ ਰਿਹਾ ਹੈ ਕਿ ਉਹ ਆਪਣਾ ਦੀਵਾ ਜਗਾਵੇ। ਉਹ ਕਿਸ ਦੀਵੇ ਦਾ ਜ਼ਿਕਰ ਕਰਦਾ ਹੈ? ਇਹ ਕੁੱਝ ਹੋਰ ਨਹੀਂ ਬਲਕਿ ਉਸਦਾ ਮਨ ਹੈ: ਜਿਹੜਾ ਅੰਦਰਲਾ ਦੀਵਾ ਹੈ। ਜਦੋਂ ਪਾਪ ਦਾ ਹਨੇਰਾ ਤੁਹਾਡੀ ਆਤਮਾ ਨੂੰ ਘੇਰ ਲੈਂਦਾ ਹੈ, ਤਾਂ ਤੁਹਾਡਾ ਜੀਵਨ ਵੀ ਅੰਧਕਾਰ ਅਤੇ ਹਨੇਰੇ ਨਾਲ ਘਿਰ ਜਾਂਦਾ ਹੈ। ਅਤੇ ਅਸਫ਼ਲਤਾ ਦਾ ਹਨੇਰਾ, ਸਰਾਪ ਦਾ ਹਨੇਰਾ, ਦੁਸ਼ਟ ਆਤਮਾਵਾਂ ਦਾ ਹਨੇਰਾ ਤੁਹਾਡੇ ਦਿਲ ਨੂੰ ਜਕੜ ਲੈਂਦਾ ਹੈ।
ਜਿਹੜਾ ਕੋਈ ਪਾਪ ਅਤੇ ਬਦੀ ਵਿੱਚ ਰਹਿੰਦਾ ਹੈ, ਉਹ ਯਹੋਵਾਹ ਤੋਂ ਦੂਰ ਹੋ ਜਾਂਦਾ ਹੈ – ਧਰਮ ਦਾ ਸੂਰਜ, ਅਤੇ ਹਨੇਰਾ ਉਸਨੂੰ ਫੜ ਲੈਂਦਾ ਹੈ। ਪਵਿੱਤਰ ਸ਼ਾਸਤਰ ਕਹਿੰਦਾ ਹੈ: “ਸਗੋਂ ਤੁਹਾਡੀਆਂ ਬਦੀਆਂ ਨੇ ਤੁਹਾਨੂੰ ਤੁਹਾਡੇ ਪਰਮੇਸ਼ੁਰ ਤੋਂ ਦੂਰ ਕਰ ਦਿੱਤਾ ਹੈ, ਅਤੇ ਤੁਹਾਡੇ ਪਾਪਾਂ ਨੇ ਉਹ ਦਾ ਮੂੰਹ ਤੁਹਾਡੇ ਕੋਲੋਂ ਅਜਿਹਾ ਲੁਕਾ ਦਿੱਤਾ ਹੈ, ਕਿ ਉਹ ਸੁਣਦਾ ਨਹੀਂ”(ਯਸਾਯਾਹ 59:2)।
ਅਸਲ ਵਿੱਚ, ਜਦੋਂ ਤੁਸੀਂ ਆਪਣੇ ਪਾਪਾਂ ਅਤੇ ਬਦੀਆਂ ਦੇ ਨਾਲ ਧਾਰਮਿਕਤਾ ਦੇ ਸੂਰਜ ਪ੍ਰਭੂ ਨੂੰ ਰੋਕਦੇ ਹੋ, ਤਾਂ ਹਨੇਰਾ ਤੁਹਾਨੂੰ ਘੇਰ ਲੈਂਦਾ ਹੈ ਅਤੇ ਤੁਹਾਡੇ ਜੀਵਨ ਵਿੱਚ ਪ੍ਰਮੇਸ਼ਵਰ ਦੇ ਪ੍ਰਕਾਸ਼ ਨੂੰ ਚਮਕਣ ਤੋਂ ਰੋਕਦਾ ਹੈ। ਪ੍ਰਮੇਸ਼ਵਰ ਦੇ ਬੱਚਿਓ, ਜਦੋਂ ਤੁਸੀਂ ਪ੍ਰਮੇਸ਼ਵਰ ਅੱਗੇ ਆਪਣੇ ਦੀਵੇ ਨੂੰ ਜਗਾਉਣ ਦੇ ਲਈ ਪ੍ਰਾਰਥਨਾ ਕਰਦੇ ਹੋ, ਤਾਂ ਉਹ ਜ਼ਰੂਰ ਹੀ ਤੁਹਾਡਾ ਦੀਵਾ ਜਗਾਵੇਗਾ ਅਤੇ ਤੁਹਾਡੇ ਜੀਵਨ ਨੂੰ ਚਾਨਣ ਦੇਵੇਗਾ।
ਅਭਿਆਸ ਕਰਨ ਲਈ – “ਮਨੁੱਖ ਦਾ ਆਤਮਾ ਯਹੋਵਾਹ ਦਾ ਦੀਵਾ ਹੈ, ਜਿਹੜਾ ਸਾਰੇ ਅੰਦਰਲੇ ਹਿੱਸਿਆਂ ਨੂੰ ਖੋਜ਼ਦਾ ਹੈ”(ਕਹਾਉਤਾਂ 20:27)।