ਦਸੰਬਰ 04 – ਪਰਮੇਸ਼ੁਰ ਦੀ ਸਚਿਆਈ!
ਪ੍ਰਮੇਸ਼ਵਰ ਦੀਆਂ ਬਰਕਤਾਂ ਵਿੱਚੋਂ ਸਭ ਤੋਂ ਵੱਡੀ ਉਸਦੀ ਸਚਿਆਈ ਹੈ। ਜਦੋਂ ਅਸੀਂ ਸੱਚ ਕਹਿੰਦੇ ਹਾਂ, ਇਸਦਾ ਅਰਥ ਦੋ ਅਲੱਗ-ਅਲੱਗ ਚੀਜ਼ਾਂ ਨਾਲ ਹੁੰਦਾ ਹੈ: ਸੱਚ ਦਾ ਵਚਨ ਅਤੇ ਮਸੀਹ-ਸੱਚ। ਅੱਖਾਂ ਦੇ ਜੋੜੇ ਦੀ ਤਰ੍ਹਾਂ, ਇਹ ਦੋ ਸੱਚ ਵਿਅਕਤੀ ਦੇ ਲਈ ਪ੍ਰਕਾਸ਼ ਲਿਆਉਂਦੇ ਹਨ।
ਅਸੀਂ ਬਾਈਬਲ ਨੂੰ ਪਵਿੱਤਰ ਸ਼ਾਸਤਰ ਦੇ ਰੂਪ ਵਿੱਚ ਦਰਸਾਉਂਦੇ ਹਾਂ ਕਿਉਂਕਿ ਬਾਈਬਲ ਦੇ ਸਾਰੇ ਸ਼ਬਦ ਪਵਿੱਤਰ ਅਤੇ ਸੱਚ ਹਨ। ਉਨ੍ਹਾਂ ਵਿੱਚ ਜੀਵਨ ਸਮਾਇਆ ਹੋਇਆ ਹੈ। ਉਹ ਸੋਨੇ ਤੋਂ, ਅਤੇ ਬਹੁਤ ਚੰਗੇ ਸੋਨੇ ਨਾਲੋਂ ਵੱਧ ਕੇ ਹਨ, ਸ਼ਹਿਦ ਅਤੇ ਛੱਤੇ ਨਾਲੋਂ ਵੀ ਮਿੱਠੇ।
ਪਰਮੇਸ਼ੁਰ ਦੇ ਸਾਰੇ ਵਾਅਦੇ ਹਮੇਸ਼ਾਂ ਦੇ ਲਈ ਰਹਿਣਗੇ। ਅਕਾਸ਼ ਅਤੇ ਧਰਤੀ ਟਲ ਜਾਣਗੇ, ਪਰ ਉਸਦੇ ਵਚਨ ਕਦੇ ਨਹੀਂ ਟਲਣਗੇ। ਪਵਿੱਤਰ ਸ਼ਾਸਤਰ ਵਿੱਚ, ਤੁਹਾਡੇ ਕੋਲ ਅਜਿਹੇ ਵਾਅਦੇ ਹਨ ਜਿਹੜੇ ਤੁਹਾਨੂੰ ਰਾਹ ਵਿੱਚ ਅਗਵਾਈ ਕਰਦੇ ਹਨ। ਅਜਿਹੇ ਅਧਿਆਇ ਵੀ ਹਨ ਜਿਹੜੇ ਤੁਹਾਡੇ ਪੈਰਾਂ ਨੂੰ ਦੀਪਕ ਅਤੇ ਤੁਹਾਡੇ ਰਾਹ ਨੂੰ ਚਾਨਣ ਕਰਦੇ ਹਨ। ਜਿਹੜੇ ਲੋਕ ਪਵਿੱਤਰ ਸ਼ਾਸਤਰ ਦੇ ਚਾਨਣ ਵਿੱਚ ਚੱਲਦੇ ਹਨ, ਉਹ ਕਦੇ ਵੀ ਨਹੀਂ ਡੋਲਣਗੇ ਅਤੇ ਨਾ ਹੀ ਭਟਕਣਗੇ। ਕਿਉਂਕਿ ਪਰਮੇਸ਼ੁਰ ਦਾ ਵਚਨ, ਤੁਹਾਨੂੰ ਪੂਰੀ ਸਚਿਆਈ ਦੇ ਵੱਲ ਲੈ ਜਾਂਦਾ ਹੈ ਅਤੇ ਤੁਹਾਨੂੰ ਸੰਪੂਰਨ ਕਰਦਾ ਹੈ।
ਜਦੋਂ ਸਾਡੇ ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਦੇ ਲਈ ਪ੍ਰਾਰਥਨਾ ਕੀਤੀ, ਤਾਂ ਉਸਨੇ ਉਨ੍ਹਾਂ ਨੂੰ ਪਰਮੇਸ਼ੁਰ ਦੀ ਸਚਿਆਈ ਨਾਲ ਪਵਿੱਤਰ ਕਰਨ ਦੀ ਬੇਨਤੀ ਕੀਤੀ। “ਉਨ੍ਹਾਂ ਨੂੰ ਸੱਚ ਨਾਲ ਆਪਣੀ ਸੇਵਾ ਲਈ ਤਿਆਰ ਕਰ, ਤੇਰਾ ਬਚਨ ਸੱਚ ਹੈ”(ਯੂਹੰਨਾ ਦੀ ਇੰਜੀਲ 17:17)। ਪਰਮੇਸ਼ੁਰ ਦੇ ਵਚਨ ਸ਼ੁੱਧ ਅਤੇ ਪਵਿੱਤਰ ਹਨ ਅਤੇ ਉਹ ਤੁਹਾਨੂੰ ਪਵਿੱਤਰ ਵੀ ਕਰਦੇ ਹਨ। ਤੁਸੀਂ ਆਪਣੀ ਪਵਿੱਤਰਤਾ ਵਿੱਚ ਉਸ ਹੱਦ ਤੱਕ ਵਧੋਂਗੇ ਜਿਨ੍ਹਾਂ ਤੁਸੀਂ ਪ੍ਰਮੇਸ਼ਵਰ ਦੇ ਵਚਨ ਨੂੰ ਪੜ੍ਹਨ ਅਤੇ ਉਸ ਉੱਤੇ ਧਿਆਨ ਕਰਨ ਦੇ ਲਈ ਸਮਰਪਿਤ ਕਰਦੇ ਹੋ। ਪਰਮੇਸ਼ੁਰ ਦਾ ਵਚਨ ਤੁਹਾਨੂੰ ਤੁਹਾਡੇ ਸਾਰੇ ਬੰਧਨਾਂ ਤੋਂ ਵੀ ਮੁਕਤ ਕਰਦਾ ਹੈ। ਪ੍ਰਭੂ ਯਿਸੂ ਨੇ ਕਿਹਾ, “ਤਦ ਤੁਸੀਂ ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ ਆਜ਼ਾਦ ਕਰੇਗਾ”(ਯੂਹੰਨਾ ਦੀ ਇੰਜੀਲ 8:32)।
ਇਹ ਜਾਣਨਾ ਕਿੰਨੀ ਵੱਡੀ ਬਰਕਤ ਹੈ, ਕਿ ਪਰਮੇਸ਼ੁਰ ਦਾ ਵਚਨ ਤੁਹਾਡੀ ਢਾਲ ਅਤੇ ਸ਼ਸਤ੍ਰ ਵੀ ਹੈ। ਉਸਦੀ ਸਚਿਆਈ ਇੱਕ ਢਾਲ ਹੈ ਜੋ ਤੁਹਾਨੂੰ ਅੱਗ ਦੀਆਂ ਲਾਟਾਂ ਅਤੇ ਤੀਰਾਂ ਤੋਂ ਬਚਾਉਂਦੀ ਹੈ। ਯਿਸੂ ਮਸੀਹ ਤੁਹਾਡੀ ਢਾਲ ਹੈ। ਇਸ ਲਈ, ਤੁਹਾਨੂੰ ਡਰਨ ਜਾਂ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ, ਪਰ ਸਿਰਫ਼ ਪ੍ਰਮੇਸ਼ਵਰ ਨਾਲ ਜੁੜੇ ਰਹਿਣਾ ਹੈ।
ਜੰਗ ਦੇ ਮੈਦਾਨ ਵਿੱਚ ਇੱਕ ਵਿਅਕਤੀ ਦੇ ਲਈ ਢਾਲ ਇੱਕ ਮਹੱਤਵਪੂਰਨ ਹਥਿਆਰ ਹੈ। ਇਸੇ ਤਰ੍ਹਾਂ, ਪਰਮੇਸ਼ੁਰ ਦਾ ਵਚਨ – ਸੱਚ ਦੀ ਢਾਲ ਤੁਹਾਨੂੰ ਸਾਰੇ ਨੁਕਸਾਨਾਂ ਤੋਂ ਬਚਾਉਂਦੀ ਹੈ, ਜਦੋਂ ਕਿ ਤੁਸੀਂ ਦੁਸ਼ਟ ਆਤਮਾਵਾਂ ਦੇ ਝੁੰਡ ਨਾਲ ਲੜਦੇ ਹੋ। ਸਾਡੇ ਪ੍ਰਭੂ ਯਿਸੂ ਨੇ ਸਚਿਆਈ ਦੇ ਉਨ੍ਹਾਂ ਵਚਨਾਂ ਦੀ ਵਰਤੋਂ ਕਰਕੇ ਸ਼ੈਤਾਨ ਦੇ ਪਰਤਾਵਿਆਂ ਉੱਤੇ ਜਿੱਤ ਪ੍ਰਾਪਤ ਕੀਤੀ। ਅਤੇ ਜੇਤੂ ਪ੍ਰਭੂ ਯਿਸੂ, ਤੁਹਾਨੂੰ ਜਿੱਤ ਦੇਣਗੇ ਅਤੇ ਤੁਹਾਡੀਆਂ ਸਾਰੀਆਂ ਆਤਮਿਕ ਲੜਾਈਆਂ ਵਿੱਚ ਜਿੱਤ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਨਗੇ।
ਅਭਿਆਸ ਕਰਨ ਲਈ – “ਪਰਮੇਸ਼ੁਰ ਦਾ ਹਰੇਕ ਬਚਨ ਤਾਇਆ ਹੋਇਆ ਹੈ, ਜਿਹੜੇ ਉਹ ਦੀ ਸ਼ਰਨ ਵਿੱਚ ਆਉਂਦੇ ਹਨ ਉਹ ਉਹਨਾਂ ਦੀ ਢਾਲ਼ ਹੈ”(ਕਹਾਉਤਾਂ 30:5)।